ਭਾਰਤ ‘ਚ ਨਿਊਜ਼ੀਲੈਂਡ ਦੇ ਹਾਈ ਕਮਿਸ਼ਨਰ ਪੈਟ੍ਰਿਕ ਰਾਤਾ ਦੇ ਨਿਵਾਸ ਸਥਾਨ ‘ਤੇ ਹੋਈ ਇੱਕ ਮੀਟਿੰਗ ਦੌਰਾਨ ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨ ‘ਤੇ ਵਿਚਾਰ-ਵਟਾਂਦਰਾ ਹੋਇਆ। ਇਸ ਮੀਟਿੰਗ ‘ਚ ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਭਾਰਤ ਵੱਲੋਂ ਮੁੱਖ ਤੌਰ ‘ਤੇ ਮੌਜੂਦ ਰਹੇ ਅਤੇ ਉਨ੍ਹਾਂ ਨੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨਾਲ ਮੁਲਾਕਾਤ ਕੀਤੀ।
ਮੀਟਿੰਗ ‘ਚ ਸ਼ਾਮਲ ਹੋਣ ਵਾਲੀਆਂ ਪ੍ਰਮੁੱਖ ਸ਼ਖਸੀਅਤਾਂ ‘ਚ ਕਨਵੀਨਰ ਐਨ.ਆਈ.ਡੀ ਫਾਊਂਡੇਸ਼ਨ, ਪ੍ਰੋਫੈਸਰ ਹਿਮਾਨੀ ਸੂਦ, ਕੀਵੀ ਸਾਂਸਦ ਕੰਵਲਜੀਤ ਸਿੰਘ ਬਖਸ਼ੀ, ਭਾਰਤ-ਨਿਊਜ਼ੀਲੈਂਡ ਵਪਾਰ ਪਰਿਸ਼ਦ ਦੇ ਸਰਪ੍ਰਸਤ ਭਵ ਢਿੱਲੋਂ ਅਤੇ ਆਕਲੈਂਡ ‘ਚ ਭਾਰਤ ਦੇ ਸਾਬਕਾ ਆਨਰੇਰੀ ਕੌਂਸਲ ਸਣੇ ਹੋਰ ਪਤਵੰਤੇ ਸੱਜਣ ਸ਼ਾਮਲ ਰਹੇ। ਇਹ ਵਿਚਾਰ-ਵਟਾਂਦਰਾ ਮੁੱਖ ਤੌਰ ‘ਤੇ ਸਿੱਖਿਆ, ਖੇਡਾਂ ਦੇ ਖੇਤਰਾਂ ‘ਚ ਸਬੰਧਾਂ ਨੂੰ ਵਧਾਉਣ ਅਤੇ ਦੋਵਾਂ ਦੇਸ਼ਾਂ ਵਿਚਕਾਰ ਸੱਭਿਆਚਾਰਕ ਸਬੰਧਾਂ ਨੂੰ ਡੂੰਘਾ ਕਰਨ ‘ਤੇ ਕੇਂਦ੍ਰਿਤ ਰਿਹਾ।
ਇਸ ਮੌਕੇ ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਕਿਹਾ, “ਪ੍ਰਧਾਨ ਮੰਤਰੀ ਲਕਸਨ ਨਾਲ ਸਾਡੀ ਚਰਚਾ ਮੁੱਖ ਤੌਰ ‘ਤੇ ਸਿੱਖਿਆ, ਖੇਡਾਂ ਦੇ ਖੇਤਰਾਂ ‘ਚ ਸਬੰਧਾਂ ਨੂੰ ਵਧਾਉਣ ਅਤੇ ਦੋਵਾਂ ਦੇਸ਼ਾਂ ਵਿਚਕਾਰ ਸੱਭਿਆਚਾਰਕ ਸਬੰਧਾਂ ਨੂੰ ਡੂੰਘਾ ਕਰਨ ‘ਤੇ ਕੇਂਦ੍ਰਿਤ ਰਹੀ। ਇਸਤੋਂ ਇਲਾਵਾ, ਘੱਟ ਗਿਣਤੀਆਂ ਅਤੇ ਭਾਰਤੀ ਪ੍ਰਵਾਸੀਆਂ ਨਾਲ ਸਬੰਧਤ ਮੁੱਦਿਆਂ ਬਾਰੇ ਵੀ ਚਰਚਾ ਕੀਤੀ ਗਈ।
ਭਾਰਤ ਅਤੇ ਨਿਊਜ਼ੀਲੈਂਡ, ਮਜ਼ਬੂਤ ਦੁਵੱਲੇ ਸਬੰਧ ਸਾਂਝੇ ਕਰਦੇ ਹਨ ਅਤੇ ਵੱਡੀ ਗਿਣਤੀ ‘ਚ ਭਾਰਤੀ ਵਿਦਿਆਰਥੀ ਆਪਣੀ ਉਚੇਰੀ ਸਿੱਖਿਆ ਪ੍ਰਾਪਤ ਕਰਨ ਅਤੇ ਉੱਥੇ ਕੰਮ ਕਰਨ ਲਈ ਦੇਸ਼ ਦਾ ਦੌਰਾ ਕਰਦੇ ਹਨ। ਦੋਵਾਂ ਦੇਸ਼ਾਂ ਨੇ ਪਹਿਲਾਂ ਹੀ ਅਕਾਦਮਿਕ ਸਬੰਧ ਬਣਾਏ ਹਨ ਜੋ ਦੋਵਾਂ ਦੇਸ਼ਾਂ ‘ਚ ਉਚੇਰੀ ਸਿੱਖਿਆ ਦੇ ਦ੍ਰਿਸ਼ ਨੂੰ ਨਵੇਂ ਆਯਾਮ ਦੇ ਰਹੇ ਹਨ ਅਤੇ ਇਨ੍ਹਾਂ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਦੋਵਾਂ ਦੇਸ਼ਾਂ ਲਈ ਇੱਕ ਸੁਨਹਿਰਾ ਸੰਕੇਤ ਹੋਵੇਗਾ।”
ਸੰਧੂ ਨੇ ਕਿਹਾ, “ਨਿਊਜ਼ੀਲੈਂਡ ਭਾਰਤ ਨਾਲ ਆਪਣੇ ਵਿਦਿਅਕ ਸਹਿਯੋਗ ਦਾ ਵਿਸਤਾਰ ਕਰ ਰਿਹਾ ਹੈ ਅਤੇ ਨਵੀਆਂ ਸਕਾਲਰਸ਼ਿਪਾਂ, ਇੰਟਰਨਸ਼ਿਪਾਂ ਅਤੇ ਖੋਜ ਭਾਈਵਾਲੀ ਦੀ ਪੇਸ਼ਕਸ਼ ਕਰ ਰਿਹਾ ਹੈ। ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਨਿਊਜ਼ੀਲੈਂਡ ਐਕਸੀਲੈਂਸ ਅਵਾਰਡਜ਼ 2025 ਤਹਿਤ 260,000 ਕੀਵੀ ਡਾਲਰ ਦੇ ਸਕਾਲਰਸ਼ਿਪ ਪੈਕੇਜ ਦੀ ਘੋਸ਼ਣਾ ਕੀਤੀ। ਇਸਦਾ ਉਦੇਸ਼ ਨਿਊਜ਼ੀਲੈਂਡ ‘ਚ ਉਚੇਰੀ ਸਿੱਖਿਆ ਪ੍ਰਾਪਤ ਕਰਨ ਵਾਲੇ ਭਾਰਤੀ ਵਿਦਿਆਰਥੀਆਂ ਦਾ ਸਮਰਥਨ ਕਰਨਾ ਹੈ। ਇਹ ਸੱਚਮੁੱਚ ਇੱਕ ਸ਼ਲਾਘਾਯੋਗ ਵਿਕਾਸ ਹੈ।”