ਵਿਸ਼ਵ ਪੱਧਰੀ ਭੁੱਖਮਰੀ ਦੇ ਸੰਕਟ ਨੂੰ ਖਤਮ ਕਰਨ ਦਾ ਸੱਦਾ ਦਿੰਦਿਆਂ 200 ਤੋਂ ਵੱਧ ਗੈਰ-ਸਰਕਾਰੀ ਸੰਗਠਨਾਂ (ਐਨ. ਜੀ. ਓਜ਼) ਨੇ ਕਿਹਾ ਹੈ ਕਿ ਹਰ 4 ਸੈਕਿੰਡ ਵਿੱਚ ਦੁਨੀਆ ’ਚ ਇੱਕ ਵਿਅਕਤੀ ਭੁੱਖ ਨਾਲ ਮਰ ਰਿਹਾ ਹੈ। ਅਜਿਹੀ ਸਥਿਤੀ ਵਿੱਚ ਵਿਸ਼ਵ ਭੁੱਖਮਰੀ ਸੰਕਟ ਨੂੰ ਖਤਮ ਕਰਨ ਲਈ ਫੈਸਲਾਕੁੰਨ ਅੰਤਰਰਾਸ਼ਟਰੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਐੱਨ. ਜੀ. ਓਜ਼. ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ 75 ਦੇਸ਼ਾਂ ਦੇ ਸੰਗਠਨਾਂ ਨੇ ਇੱਕ ਖੁੱਲ੍ਹੀ ਚਿੱਠੀ ’ਤੇ ਹਸਤਾਖਰ ਕੀਤੇ ਹਨ ਜਿਸ ਵਿੱਚ ਭੁੱਖਮਰੀ ਦੇ ਪੱਧਰ ’ਤੇ ਗੁੱਸਾ ਜ਼ਾਹਰ ਕੀਤਾ ਗਿਆ ਹੈ । ਇਸ ਸੰਬੰਧੀ ਤੁਰੰਤ ਕਾਰਵਾਈ ਦੀ ਸਿਫਾਰਸ਼ ਕੀਤੀ ਗਈ ਹੈ। 2019 ਤੋਂ 345 ਕਰੋੜ ਲੋਕ ਭੁੱਖਮਰੀ ਦਾ ਸਾਹਮਣਾ ਕਰ ਰਹੇ ਹਨ। ਵਿਸ਼ਵ ਨੇਤਾਵਾਂ ਦੇ ਵਾਅਦਿਆਂ ਕਿ 21ਵੀਂ ਸਦੀ ਵਿੱਚ ਕਦੇ ਵੀ ਕਾਲ ਨਹੀਂ ਪਵੇਗਾ, ਦੇ ਬਾਵਜੂਦ ਸੋਮਾਲੀਆ ਇੱਕ ਵਾਰ ਫਿਰ ਕਾਲ ਦਾ ਸਾਹਮਣਾ ਕਰ ਰਿਹਾ ਹੈ। ਦੁਨੀਆ ਵਿਚ 45 ਦੇਸ਼ਾਂ ਦੇ 5 ਕਰੋੜ ਲੋਕ ਭੁੱਖਮਰੀ ਦੇ ਕੰਢੇ ’ਤੇ ਹਨ।
ਹਰ ਰੋਜ਼ 19,700 ਲੋਕਾਂ ਦੀ ਹੁੰਦੀ ਹੈ ਮੌਤ
ਗੈਰ-ਸਰਕਾਰੀ ਸੰਗਠਨਾਂ ਨੇ ਕਿਹਾ ਕਿ ਹਰ ਰੋਜ਼ ਲਗਭਗ 19,700 ਲੋਕਾਂ ਦੀ ਭੁੱਖ ਨਾਲ ਮੌਤ ਹੁੰਦੀ ਹੈ। ਇਸ ਦਾ ਮਤਲਬ ਇਹ ਹੈ ਕਿ ਹਰ 4 ਸੈਕਿੰਡ ਵਿੱਚ ਇੱਕ ਵਿਅਕਤੀ ਦੀ ਭੁੱਖ ਨਾਲ ਜਾਨ ਚਲੀ ਜਾਂਦੀ ਹੈ। ਖੁੱਲ੍ਹੀ ਚਿੱਠੀ ’ਤੇ ਹਸਤਾਖਰ ਕਰਨ ਵਾਲੇ ਯਮਨ ਫੈਮਿਲੀ ਕੇਅਰ ਐਸੋਸੀਏਸ਼ਨ ਦੇ ਮੋਹਨਾ ਅਹਿਮਦ ਅਲੀ ਅਲ-ਜ਼ਾਬਲੀ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਬਹੁਤ ਸ਼ਰਮਨਾਕ ਹੈ ਕਿ ਅਸੀਂ ਅਜੇ ਵੀ 21ਵੀਂ ਸਦੀ ਦੀ ਖੇਤੀ ਅਤੇ ਵਾਢੀ ਦੀਆਂ ਤਕਨੀਕਾਂ ਵਿਚ ਕਾਲ ਦੀ ਗੱਲ ਕਰ ਰਹੇ ਹਾਂ।
ਉਨ੍ਹਾਂ ਕਿਹਾ ਕਿ ਇਹ ਇੱਕ ਦੇਸ਼ ਜਾਂ ਇੱਕ ਮਹਾਂਦੀਪ ਬਾਰੇ ਨਹੀਂ ਹੈ। ਇਹ ਸਮੁੱਚੀ ਮਨੁੱਖਤਾ ਨਾਲ ਬੇਇਨਸਾਫ਼ੀ ਹੈ। ਸਾਨੂੰ ਜੀਵਨ ਬਚਾਉਣ ਵਾਲਾ ਭੋਜਨ ਅਤੇ ਲੰਬੇ ਸਮੇਂ ਦੀ ਸਹਾਇਤਾ ਪ੍ਰਦਾਨ ਕਰਨ ’ਤੇ ਧਿਆਨ ਕੇਂਦਰਿਤ ਕਰਨ ਲਈ ਇੱਕ ਪਲ ਦੀ ਵੀ ਦੇਰੀ ਨਹੀਂ ਕਰਨੀ ਚਾਹੀਦੀ ਤਾਂ ਜੋ ਲੋਕ ਆਪਣੇ ਭਵਿੱਖ ਬਾਰੇ ਸੋਚ ਸਕਣ ਅਤੇ ਆਪਣਾ ਅਤੇ ਆਪਣੇ ਪਰਿਵਾਰਾਂ ਦਾ ਸਮਰਥਨ ਕਰ ਸਕਣ।