ਨੇਪਾਲ ਵਿੱਚ ਐਤਵਾਰ ਨੂੰ ਇੱਕ ਵੱਡਾ ਜਹਾਜ਼ ਹਾਦਸਾ ਵਾਪਰ ਗਿਆ। ਨੇਪਾਲ ਦੇ ਪੋਖਰਾ ‘ਚ ਇਕ ਯਾਤਰੀ ਜਹਾਜ਼ ਕ੍ਰੈਸ਼ ਹੋ ਗਿਆ, ਜਿਸ ‘ਚ 68 ਯਾਤਰੀ ਸਵਾਰ ਸਨ। ਨੇਪਾਲ ਆਰਮੀ, ਆਰਮਡ ਪੁਲਿਸ, ਨੇਪਾਲ ਪੁਲਿਸ ਦੇ ਨਾਲ-ਨਾਲ ਸਥਾਨਕ ਨਾਗਰਿਕ ਬਚਾਅ ਕਾਰਜ ਵਿਚ ਲੱਗੇ ਹੋਏ ਹਨ। ਬਚਾਅ ਮੁਹਿੰਮ ਦੌਰਾਨ ਹੁਣ ਤੱਕ 32 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ।
ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ ਪ੍ਰਚੰਡ ਨੇ ਇਸ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਪ੍ਰਚੰਡ ਨੇ ਸਾਰੀਆਂ ਸਰਕਾਰੀ ਏਜੰਸੀਆਂ ਨੂੰ ਪ੍ਰਭਾਵਸ਼ਾਲੀ ਬਚਾਅ ਕਾਰਜ ਲਈ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਇਸ ਘਟਨਾ ਨੂੰ ਲੈ ਕੇ ਕੈਬਨਿਟ ਦੀ ਹੰਗਾਮੀ ਮੀਟਿੰਗ ਵੀ ਬੁਲਾਈ ਹੈ। ਜਾਣਕਾਰੀ ਮੁਤਾਬਕ ਯੇਤੀ ਏਅਰਲਾਈਨਜ਼ ਦੇ ਏਟੀਆਰ-72 ਜਹਾਜ਼ ਨੇ ਕਾਠਮੰਡੂ ਤੋਂ ਪੋਖਰਾ ਲਈ ਉਡਾਣ ਭਰੀ ਸੀ।
ਇਸ 72 ਸੀਟਾਂ ਵਾਲੇ ਜਹਾਜ਼ ਵਿੱਚ 68 ਯਾਤਰੀ ਅਤੇ ਚਾਰ ਕਰੂ ਮੈਂਬਰ ਸਨ, ਭਾਵ ਕੁੱਲ 72 ਲੋਕ। ਜਹਾਜ਼ ਪੋਖਰਾ ਨੇੜੇ ਪਹੁੰਚਿਆ ਹੀ ਸੀ ਕਿ ਪਹਾੜੀ ਨਾਲ ਟਕਰਾ ਕੇ ਹਾਦਸਾਗ੍ਰਸਤ ਹੋ ਗਿਆ। ਨੇਪਾਲੀ ਮੀਡੀਆ ਮੁਤਾਬਕ ਇਹ ਹਾਦਸਾ ਪੋਖਰਾ ਦੇ ਪੁਰਾਣੇ ਘਰੇਲੂ ਹਵਾਈ ਅੱਡੇ ਅਤੇ ਪੋਖਰਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਵਿਚਕਾਰ ਵਾਪਰਿਆ।