ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਰੈਲੀ ਰੱਦ ਹੋਣ ਤੋਂ ਬਾਅਦ ਸਿਆਸੀ ਮਾਹੌਲ ਵੀ ਗਰਮਾ ਗਿਆ ਅਤੇ ਭਾਜਪਾ ਦੇ ਕਈ ਆਗੂਆਂ ਵੱਲੋਂ ਪੰਜਾਬ ਸਰਕਾਰ ‘ਤੇ ਵੱਖ-ਵੱਖ ਤਰ੍ਹਾਂ ਦੇ ਕਈ ਇਲਜ਼ਾਮ ਵੀ ਲਗਾਏ ਗਏ। ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ‘ਚ ਕੁਤਾਹੀ ਵਰਤੀ ਗਈ। ਇਸੇ ਵਿਚਾਲੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਇਕ ਵੱਡਾ ਬਿਆਨ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਹਰ ਸਿੱਕੇ ਦੇ ਦੋ ਪਹਿਲੂ ਹੂੰਦੇ ਹਨ। ਇਸੇ ਤਰ੍ਹਾਂ ਇਸਦੇ ਵੀ ਦੋ ਪਹਿਲੂ ਹਨ ਪਹਿਲਾ ਕਿ ਪੀ. ਐੱਮ. ਦੀ ਸੁਰੱਖਿਆ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕੁਤਾਈ ਨਹੀਂ ਹੋਣੀ ਚਾਹੀਦੀ ਸੀ ਪਰ ਇਸਦੇ ਨਾਲ ਹੀ ਇਸਦਾ ਦੂਜਾ ਪਹਿਲੂ ਇਹ ਵੀ ਹੈ ਕਿ ਫਿਰੋਜ਼ਪੁਰ ਰੈਲੀ ਵਿੱਚ ਲੋਕਾਂ ਦਾ ਇਕੱਠ ਹੀ ਨਹੀਂ ਸੀ। ਵੱਡੇ ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕ ਭਾਜਪਾ ਨੂੰ ਪਸੰਦ ਹੀ ਨਹੀਂ ਕਰਦੇ ਇਸ ਲਈ ਲੋਕ ਰੈਲੀ ਵਿੱਚ ਗਏ ਹੀ ਨਹੀਂ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਕਿਸਾਨੀ ਅਤੇ ਕਿਸਾਨਾਂ ਨਾਲ ਬਹੁਤ ਧੱਕਾ ਕੀਤਾ ਗਿਆ ਹੈ ਅਤੇ ਭਾਜਪਾ ਤੋਂ ਪੰਜਾਬ ਦੇ ਲੋਕ ਦੁਖੀ ਹਨ।
ਬਾਦਲ ਨੇ ਕਿਹਾ ਕਿ ਜਿਸ ਸੂਬੇ ਵਿੱਚ ਪ੍ਰਧਾਨ ਮੰਤਰੀ ਜਾਂਦੇ ਹਨ , ਉੱਥੇ ਸਰੁਖਿਆ ਦੀ ਜਿੰਮੇਵਾਰੀ ਉਸੇ ਸੂਬੇ ਦੀ ਹੁੰਦੀ ਹੈ, ਉੱਥੋਂ ਤੱਕ ਕਿ ਉਹ ਖੁਦ ਉਸ ਰਾਜ ਦਾ ਮੁੱਖ ਮੰਤਰੀ ਪੀ.ਐੱਮ. ਦਾ ਸੁਆਗਤ ਕਰਦਾ ਹੈ। ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਇਕ ਨਾਲਾਇਕ ਸਰਕਾਰ ਹੈ ਅਤੇ ਇਹ ਪੰਜਾਬ ਨੂੰ ਕੀ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲੱਗਣ ਬਾਰੇ ਰਾਜਪਾਲ ਹੀ ਤੈਅ ਕਰ ਸਕਦੇ ਹਨ।