ਗੋਆ ‘ਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਇੱਥੇ ਇਸ ਵਾਰ ਆਮ ਆਦਮੀ ਪਾਰਟੀ ਪੂਰੀ ਤਾਕਤ ਨਾਲ ਚੋਣ ਮੈਦਾਨ ਵਿੱਚ ਹੈ। ਐਤਵਾਰ ਨੂੰ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੂਬੇ ‘ਚ ਵੱਡੇ-ਵੱਡੇ ਵਾਅਦੇ ਕੀਤੇ ਅਤੇ ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ‘ਆਪ’ ਆਜ਼ਾਦ ਭਾਰਤ ਦੀ ਸਭ ਤੋਂ ਇਮਾਨਦਾਰ ਪਾਰਟੀ ਹੈ। ਪੀ.ਐਮ. ਮੋਦੀ ਨੇ ਖੁਦ ਸਾਨੂੰ ਸਭ ਤੋਂ ਇਮਾਨਦਾਰ ਸਰਕਾਰ ਹੋਣ ਦਾ ਸਰਟੀਫਿਕੇਟ ਦਿੱਤਾ ਹੈ। ਪੀ.ਐਮ. ਮੋਦੀ ਨੇ ਮੇਰੇ ਅਤੇ ਮਨੀਸ਼ ਸਿਸੋਦੀਆ ‘ਤੇ ਛਾਪੇਮਾਰੀ ਕੀਤੀ। ਸਾਡੇ 21 ਵਿਧਾਇਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ 400 ਫਾਈਲਾਂ ਦੀ ਜਾਂਚ ਕੀਤੀ ਗਈ ਪਰ ਸਾਡੇ ਖਿਲਾਫ ਕੁਝ ਨਹੀਂ ਮਿਲਿਆ, ਅਸੀਂ ਭ੍ਰਿਸ਼ਟਾਚਾਰ ਨਹੀਂ ਕਰਦੇ। ਜੇਕਰ ਗੋਆ ਵਿੱਚ ਵੀ ਸਰਕਾਰ ਬਣੀ ਤਾਂ ਅਸੀਂ ਪੂਰੀ ਇਮਾਨਦਾਰੀ ਨਾਲ ਸਰਕਾਰ ਚਲਾਵਾਂਗੇ। ਇੱਥੇ ਭ੍ਰਿਸ਼ਟਾਚਾਰ ਨਹੀਂ ਹੋਣ ਦਿੱਤਾ ਜਾਵੇਗਾ।
ਕੇਜਰੀਵਾਲ ਨੇ ਕਿਹਾ ਕਿ ਜੇਕਰ ਗੋਆ ‘ਚ ‘ਆਪ’ ਦੀ ਸਰਕਾਰ ਬਣੀ ਤਾਂ ਹਰ ਨੌਜਵਾਨ ਨੂੰ ਰੁਜ਼ਗਾਰ ਦਿੱਤਾ ਜਾਵੇਗਾ। ਜੇਕਰ ਉਹ ਕਿਸੇ ਨੂੰ ਰੁਜ਼ਗਾਰ ਦੇਣ ਤੋਂ ਅਸਮਰੱਥ ਰਹੇ ਤਾਂ ਉਸ ਨੂੰ 3000 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਹਰ ਮਹੀਨੇ ਇੱਕ ਹਜ਼ਾਰ ਰੁਪਏ ਦਿੱਤੇ ਜਾਣਗੇ। 2500 ਬੇਸ ਹਾਊਸ ਭੱਤਾ ਵੀ ਦਿੱਤਾ ਜਾਵੇਗਾ। ਪਾਣੀ ਅਤੇ ਬਿਜਲੀ ਮੁਫ਼ਤ ਕੀਤੀ ਜਾਵੇਗੀ। ਸੂਬੇ ਵਿੱਚ 24 ਘੰਟੇ ਬਿਜਲੀ ਵੀ ਹੋਵੇਗੀ। ਕੇਜਰੀਵਾਲ ਨੇ ਸਵਾਲ ਕੀਤਾ ਕਿ ਕੀ ਕਾਂਗਰਸ-ਭਾਜਪਾ ਕਹਿ ਰਹੀ ਹੈ ਕਿ ਅਸੀਂ ਚੰਗੇ ਸਕੂਲ-ਹਸਪਤਾਲ ਬਣਾਵਾਂਗੇ, ਬਿਜਲੀ-ਪਾਣੀ ਦੇਵਾਂਗੇ? ਉਹ ਤਾਂ ਕਹਿ ਰਹੇ ਹਨ – ਇਸ ਵਾਰ ਸਾਨੂੰ ਵੋਟ ਦਿਓ, ਲੁੱਟਣ ਦੀ ਸਾਡੀ ਵਾਰੀ ਹੈ। ਸਿਰਫ਼ ਆਮ ਆਦਮੀ ਪਾਰਟੀ ਹੀ ਲੋਕ ਮੁੱਦਿਆਂ ‘ਤੇ ਚੋਣਾਂ ਲੜ ਰਹੀ ਹੈ।