ਭਾਜਪਾ ਨੂੰ ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਅਤੇ ਮਨੀਪੁਰ ਵਿਧਾਨ ਸਭਾ ਚੋਣਾਂ ਵਿੱਚ ਬੰਪਰ ਜਿੱਤ ਮਿਲੀ ਹੈ। ਚਾਰ ਰਾਜਾਂ ਵਿੱਚ ਪਾਰਟੀ ਦੀ ਇਤਿਹਾਸਕ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਪਾਰਟੀ ਦੇ ਹਰੇਕ ਵਰਕਰਾਂ ਅਤੇ ਆਗੂਆਂ ਵਿੱਚ ਭਾਰੀ ਉਤਸ਼ਾਹ ਹੈ। ਜਿੱਤ ਦੇ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਦੌਰੇ ‘ਤੇ ਹਨ।
ਪੀਐਮ ਮੋਦੀ ਨੇ ਅਹਿਮਦਾਬਾਦ ਏਅਰਪੋਰਟ ਤੋਂ ਭਾਜਪਾ ਦਫ਼ਤਰ ‘ਕਮਲਮ’ ਤੱਕ 9 ਕਿਲੋਮੀਟਰ ਲੰਬਾ ਰੋਡ ਸ਼ੋਅ ਕੀਤਾ। ਪੀਐਮ ਮੋਦੀ ਦੇ ਨਾਲ ਪਾਰਟੀ ਦੇ ਵਰਕਰ ਭਗਵੇਂ ਰੰਗ ਦੀਆਂ ਟੋਪੀਆਂ ਪਹਿਨੇ ਨਜ਼ਰ ਆਏ, ਜਿਸ ਵਿੱਚ ਕਮਲ ਦਾ ਚਿੰਨ੍ਹ ਅਤੇ ਗੁਜਰਾਤੀ ਵਿੱਚ ਬੀਜੇਪੀ ਲਿਖਿਆ ਹੋਇਆ ਹੈ। ਪ੍ਰਧਾਨ ਮੰਤਰੀ ਮੋਦੀ ਦੇ ਸਵਾਗਤ ਲਈ ਸੜਕ ਦੇ ਦੋਵੇਂ ਪਾਸੇ ਕਈ ਪਲੇਟਫਾਰਮ ਵੀ ਬਣਾਏ ਗਏ ਹਨ। ਲੱਖਾਂ ਆਮ ਲੋਕਾਂ, ਵਰਕਰਾਂ ਅਤੇ ਨੇਤਾਵਾਂ ਨੇ ਸੜਕ ਦੇ ਕਿਨਾਰੇ ਖੜ੍ਹੇ ਹੋ ਕੇ ਪੀਐਮ ਮੋਦੀ ਦਾ ਸਵਾਗਤ ਕੀਤਾ।
ਅਹਿਮਦਾਬਾਦ ਵਿੱਚ ਪ੍ਰਧਾਨ ਮੰਤਰੀ ਦੇ ਰੋਡ ਸ਼ੋਅ ਦੌਰਾਨ ਜੈ ਸ਼੍ਰੀ ਰਾਮ ਦੇ ਨਾਅਰੇ ਵੀ ਲਾਏ ਗਏ। ਬਹੁਤ ਸਾਰੇ ਵਰਕਰਾਂ ਅਤੇ ਆਮ ਲੋਕਾਂ ਨੇ ਭਾਰਤ ਮਾਤ ਕੀ ਜੈ ਦੇ ਨਾਅਰੇ ਵੀ ਲਗਾਏ। ਸੜਕ ਦੇ ਨਾਲ-ਨਾਲ ਵੱਡੇ-ਵੱਡੇ ਪੋਸਟਰ ਅਤੇ ਬੈਨਰ ਵੀ ਲਗਾਏ ਗਏ ਹਨ।
ਪ੍ਰਧਾਨ ਮੰਤਰੀ ਮੋਦੀ ਦਾ ਕਾਫਲਾ ਜਿਨ੍ਹਾਂ ਸੜਕਾਂ ਤੋਂ ਗੁਜ਼ਰਿਆ, ਉਹ ਪੂਰੀ ਤਰ੍ਹਾਂ ਭਗਵੇਂ ਝੰਡਿਆਂ ਅਤੇ ਬੈਨਰਾਂ ਨਾਲ ਭਰੀਆਂ ਹੋਈਆਂ ਸਨ। ਜਾਣਕਾਰੀ ਮੁਤਾਬਕ ਕੁਰਾਨਾ ਮਹਾਮਾਰੀ ਤੋਂ ਕਰੀਬ 2 ਸਾਲ ਬਾਅਦ ਇੰਨੇ ਵੱਡੇ ਪੱਧਰ ‘ਤੇ ਰੋਡ ਸ਼ੋਅ ਦੀ ਮਨਜ਼ੂਰੀ ਦਿੱਤੀ ਗਈ ਸੀ। ਇਸ ਦੇ ਲਈ ਭਾਜਪਾ ਦੇ ਸੂਬਾ ਸੰਗਠਨ ਨੇ ਪਹਿਲਾਂ ਤੋਂ ਹੀ ਕਾਫੀ ਤਿਆਰੀਆਂ ਕਰ ਲਈਆਂ ਸਨ। ਰੋਡ ਸ਼ੋਅ ਤੋਂ ਬਾਅਦ ਪੀਐਮ ਮੋਦੀ ਗਾਂਧੀਨਗਰ ਸਥਿਤ ਭਾਜਪਾ ਦਫ਼ਤਰ ਪਹੁੰਚਣਗੇ। ਕਮਲਮ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਜਪਾ ਵਰਕਰਾਂ, ਸੰਸਦ ਮੈਂਬਰਾਂ, ਵਿਧਾਇਕਾਂ ਸਮੇਤ ਪਾਰਟੀ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ।