ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵੱਲੋਂ ਕੋਰੋਨਾ ਮਹਾਮਾਰੀ ਦੌਰਾਨ ਨੌਜਵਾਨਾ ਲਈ ਅਹਿਮ ਫੈਸਲਾ ਲਿਆ ਗਿਆ ਹੈ | ਨਰਿੰਦਰ ਮੋਦੀ ਦੇ ਵੱਲੋਂ ਇਸ ਲੜਾਈ ਦੇ ਵਿੱਚ ਕਰੈਸ਼ ਕੋਰਸ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਕੋਰਸ ਤਹਿਤ ਇਕ ਲੱਖ ਨੌਜਵਾਨਾਂ ਨੂੰ ਫਰੰਟਲਾਈਨ ਵਰਕਰਾਂ ਵਜੋਂ ਤਿਆਰ ਕਰਨ ਦਾ ਟੀਚਾ ਮਿਥਿਆ ਗਿਆ ਹੈ। ਪੀਐਮ ਮੋਦੀ ਨੇ ਕਿਹਾ ਹੈ ਕਿ ਇਹ ਕੋਰਸ ਚੋਟੀ ਦੇ ਮਾਹਰਾਂ ਨੇ ਮਿਲ ਕੇ ਤਿਆਰ ਕੀਤਾ ਹੈ। ਇਸ ਦੌਰਾਨ ਉਨ੍ਹਾਂ ਕੋਰੋਨਾ ਵਾਇਰਸ ਸੰਬੰਧੀ ਵੀ ਚੇਤਾਵਨੀ ਜਾਰੀ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਕੋਰੋਨਾ ਦੇ ਮਾਮਲੇ ਬੇਸ਼ੱਕ ਘੱਟ ਹੋ ਰਹੇ ਹਨ ਪਰ ਫਿਰ ਵੀ ਇਹ ਮਹਾਮਾਰੀ ਦੀ ਮੁੜ ਤੋਂ ਤੇਜ਼ੀ ਨਾਲ ਸਪੀਡ ਫੜਨ ਦੀ ਸੰਭਾਵਨਾ ਹੈ।
ਪੀਐਮ ਮੋਦੀ ਨੇ ਜਾਣਕਾਰੀ ਦਿੱਤੀ ਕਿ ਇਹ ਕਰੈਸ਼ ਕੋਰਸ ਸਿਰਫ ਦੋ ਤੋਂ ਤਿੰਨ ਮਹੀਨਿਆਂ ਵਿੱਚ ਪੂਰਾ ਹੋ ਜਾਵੇਗਾ ਅਤੇ ਨੌਜਵਾਨ ਤੁਰੰਤ ਕੰਮ ਲਈ ਤਿਆਰ ਰਹਿਣ ਦੇ ਯੋਗ ਹੋ ਜਾਣਗੇ। ਪ੍ਰੋਗਰਾਮ ਦੀ ਸ਼ੁਰੂਆਤ ਦੇਸ਼ ਭਰ ਦੇ 26 ਰਾਜਾਂ ਵਿੱਚ ਸਥਿਤ 111 ਕੇਂਦਰਾਂ ਉਤੇ ਕੀਤੀ ਗਈ। ਉਨ੍ਹਾਂ ਕਿਹਾ ਕਿ ਹਰ ਸਾਵਧਾਨੀ ਦੇ ਨਾਲ, ਸਾਨੂੰ ਆਉਣ ਵਾਲੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਦੇਸ਼ ਦੀ ਤਿਆਰੀ ਨੂੰ ਹੋਰ ਵਧਾਉਣਾ ਹੋਵੇਗਾ। ਇਸ ਟੀਚੇ ਦੇ ਨਾਲ ਅੱਜ ਦੇਸ਼ ਵਿਚ ਲਗਭਗ 1 ਲੱਖ ਫਰੰਟ ਲਾਈਨ ਕੋਰੋਨਾ ਵਾਰੀਅਰਜ਼ ਨੂੰ ਤਿਆਰ ਕਰਨ ਦੀ ਇਕ ਮਹਾਨ ਮੁਹਿੰਮ ਸ਼ੁਰੂ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਇਸ ਮਹਾਂਮਾਰੀ ਨੇ ਦੁਨੀਆ ਦੇ ਹਰ ਦੇਸ਼, ਹਰ ਸੰਸਥਾ, ਹਰ ਸਮਾਜ, ਹਰ ਪਰਿਵਾਰ, ਹਰ ਮਨੁੱਖ ਦੀ ਸੰਭਾਵਨਾ ਦੀ ਬਾਰ ਬਾਰ ਪਰਖ ਕੀਤੀ ਹੈ। ਇਸ ਦੇ ਨਾਲ ਹੀ ਮਹਾਂਮਾਰੀ ਨੇ ਸਾਇੰਸ, ਸਰਕਾਰ, ਸਮਾਜ, ਸੰਸਥਾ ਅਤੇ ਵਿਅਕਤੀਗਤ ਵਜੋਂ ਆਪਣੀਆਂ ਸਮਰਥਾਵਾਂ ਦਾ ਵਿਸਥਾਰ ਕਰਨ ਲਈ ਵੀ ਸਾਨੂੰ ਚੇਤਾਵਨੀ ਦਿੱਤੀ ਹੈ। ਵਾਇਰਸ ਦੇ ਅਕਸਰ ਬਦਲਦੇ ਰੂਪ ਬਾਰੇ, ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਵਿੱਚ ਅਸੀਂ ਵੇਖਿਆ ਹੈ ਕਿ ਇਹ ਵਾਇਰਸ ਦੇ ਅਕਸਰ ਬਦਲਦੇ ਰੂਪ ਨਾਲ ਕਿਸ ਕਿਸਮ ਦੀਆਂ ਚੁਣੌਤੀਆਂ ਸਾਡੇ ਸਾਹਮਣੇ ਲਿਆ ਸਕਦਾ ਹੈ।