ਫਤਹਿਗੜ੍ਹ ਸਾਹਿਬ ਤੋਂ ਖਬਰ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਫਤਿਹਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ ਵਿੱਚ ਕੁਝ ਦਿਨ ਪਹਿਲਾਂ ਹੋਈ 15.5 ਲੱਖ ਰੁਪਏ ਦੀ ਲੁੱਟ ਦੇ ਮਾਮਲੇ ਵਿੱਚ, ਪੁਲਿਸ ਨੇ ਮੁਕਾਬਲੇ ਤੋਂ ਬਾਅਦ ਦੋ ਲੁਟੇਰਿਆਂ ਨੂੰ ਫੜ ਲਿਆ ਹੈ।
ਜਾਣਕਾਰੀ ਅਨੁਸਾਰ ਦੱਸ ਦੇਈਏ ਕਿ ਇਸ ਮੁਕਾਬਲੇ ਵਿੱਚ ਦੋਵੇਂ ਲੁਟੇਰਿਆਂ ਨੂੰ ਗੋਲੀ ਲੱਗ ਗਈ। ਜਿਸ ਤੋਂ ਬਾਅਦ ਉਹਨਾਂ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਲੁਟੇਰਿਆਂ ਦੀ ਗੋਲੀਬਾਰੀ ਤੋਂ ਬਚਣ ਦੀ ਕੋਸ਼ਿਸ਼ ਦੌਰਾਨ ਇੱਕ ਪੁਲਿਸ ਕਰਮਚਾਰੀ ਵੀ ਜ਼ਖਮੀ ਹੋ ਗਿਆ। ਦੋਵੇਂ ਦੋਸ਼ੀ ਮੋਗਾ ਦੇ ਰਹਿਣ ਵਾਲੇ ਹਨ। ਮੁਕਾਬਲੇ ਦੌਰਾਨ ਪੁਲਿਸ ਦੀ ਗੱਡੀ ਨੂੰ ਵੀ ਗੋਲੀਆਂ ਲੱਗੀਆਂ।
SSP ਸ਼ੁਭਮ ਅਗਰਵਾਲ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਮੰਡੀ ਗੋਬਿੰਦਗੜ੍ਹ ਵਿੱਚ ਇੱਕ ਲੋਹੇ ਦੇ ਵਪਾਰੀ ਦੇ ਦਫ਼ਤਰ ‘ਤੇ ਗੋਲੀਬਾਰੀ ਕਰਕੇ 15.5 ਲੱਖ ਰੁਪਏ ਲੁੱਟੇ ਗਏ ਸਨ। ਇਸ ਮਾਮਲੇ ਵਿੱਚ, ਪੁਲਿਸ ਨੂੰ ਇਨਪੁਟ ਮਿਲਿਆ ਸੀ ਕਿ ਮੋਗਾ ਦੇ ਵਸਨੀਕ ਜੈਦੀਪ ਅਤੇ ਬਸੰਤ ਸਿੰਘ ਨੇ ਇਹ ਅਪਰਾਧ ਕੀਤਾ ਹੈ। ਉਨ੍ਹਾਂ ਦੀ ਟੀਮ ਨੇ ਮੋਗਾ ਵੀ ਜਾ ਕੇ ਇਸਦੀ ਪੁਸ਼ਟੀ ਕੀਤੀ।