76ਵੇਂ ਗਣਤੰਤਰ ਦਿਵਸ ਮੌਕੇ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਝੰਡਾ ਲਹਿਰਾਇਆ ਗਿਆ ਇਸ ਦੇ ਨਾਲ ਹੀ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਪੰਜਾਬ ਵਿੱਚ ਪੰਜਾਬ ਪੁਲਿਸ ਵਿੱਚ 10,000 ਨਵੀਆਂ ਪੁਲਿਸ ਅਸਾਮੀਆਂ ਸਿਰਜਣ ਦੀ ਪ੍ਰਵਾਨਗੀ ਦਿੱਤੀ ਗਈ ਹੈ।
ਇਸ ਦੇ ਨਾਲ ਹੀ ਦੱਸਿਆ ਗਿਆ ਕਿ 50 ਹਜ਼ਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਸਰਕਾਰ ਬਿਜਲੀ ਦੇ ਖੇਤਰ ਵਿੱਚ ਵੀ ਸ਼ਲਾਘਾਯੋਗ ਕੰਮ ਕਰ ਰਹੀ ਹੈ। ਵਾਅਦੇ ਅਨੁਸਾਰ, 90% ਘਰਾਂ ਨੂੰ ਬਿਜਲੀ ਦਾ ਬਿੱਲ ਨਹੀਂ ਮਿਲ ਰਿਹਾ ਹੈ।
ਪਾਵਰਕਾਮ ਨੂੰ ਬਿਜਲੀ ਸਬਸਿਡੀ ਦਾ ਭੁਗਤਾਨ ਵੀ ਸਰਕਾਰ ਵੱਲੋਂ ਸਮੇਂ ਸਿਰ ਕੀਤਾ ਜਾ ਰਿਹਾ ਹੈ। ਇੰਨਾ ਹੀ ਨਹੀਂ, ਪੰਜਾਬ ਨੂੰ ਬਿਜਲੀ ਉਤਪਾਦਨ ਦੇ ਖੇਤਰ ਵਿੱਚ ਆਤਮਨਿਰਭਰ ਬਣਾਉਣ ਲਈ, 540 ਮੈਗਾਵਾਟ ਦਾ ਜੀਵੀਕੇ ਥਰਮਲ ਪਲਾਂਟ ਖਰੀਦਿਆ ਗਿਆ। ਪਚਵਾੜਾ ਕੋਲਾ ਖਾਨ ਸ਼ੁਰੂ ਹੋਣ ਨਾਲ ਸਾਲਾਨਾ 1000 ਕਰੋੜ ਰੁਪਏ ਦੀ ਬੱਚਤ ਹੋਈ, ਜੋ ਕਿ ਮਹਿੰਗਾ ਕੋਲਾ ਖਰੀਦਣ ‘ਤੇ ਖਰਚ ਹੁੰਦਾ ਸੀ।
ਸੜਕ ਸੁਰੱਖਿਆ ਬਲ ਦੀ ਸ਼ੁਰੂਆਤ ਦੇ ਨਤੀਜੇ ਵਜੋਂ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ 48% ਕਮੀ ਆਈ। 18 ਟੋਲ ਪਲਾਜ਼ਾ ਬੰਦ ਕਰ ਦਿੱਤੇ ਗਏ। ਜਿਸ ਕਾਰਨ ਲੋਕਾਂ ਨੇ ਸਾਲਾਨਾ 225 ਕਰੋੜ ਰੁਪਏ ਦੀ ਬਚਤ ਕੀਤੀ। ਮਾਨ ਨੇ ਕਿਹਾ ਕਿ ਆਪਣੇ ਲਗਭਗ ਸਾਢੇ ਤਿੰਨ ਸਾਲਾਂ ਦੇ ਕਾਰਜਕਾਲ ਦੌਰਾਨ, ‘ਆਪ’ ਸਰਕਾਰ ਨੇ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਵੱਲ ਸਹੀ ਦਿਸ਼ਾ ਵਿੱਚ ਕਦਮ ਚੁੱਕੇ ਹਨ।
ਇਸ ਤੋਂ ਪਹਿਲਾਂ, ਸੀਐਮ ਮਾਨ ਨੇ ਪਰੇਡ ਤੋਂ ਸਲਾਮੀ ਲਈ। ਸਕੂਲੀ ਬੱਚਿਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ। ਮੁੱਖ ਮੰਤਰੀ ਮਾਨ ਨੇ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਸਨਮਾਨ ਕੀਤਾ। ਇਸ ਮੌਕੇ ਲੋੜਵੰਦਾਂ ਨੂੰ ਇਲੈਕਟ੍ਰਾਨਿਕ ਟ੍ਰਾਈਸਾਈਕਲ ਅਤੇ ਸਿਲਾਈ ਮਸ਼ੀਨਾਂ ਦਿੱਤੀਆਂ ਗਈਆਂ। ਮੁੱਖ ਮੰਤਰੀ ਮਾਨ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਕੰਮ ਕਰਨ ਵਾਲੀਆਂ ਸ਼ਖਸੀਅਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ।