Pollution: ਦੀਵਾਲੀ ਦੇ ਦੂਜੇ ਦਿਨ ਯਾਨੀ 25 ਅਕਤੂਬਰ ਨੂੰ ਦਿੱਲੀ-ਐਨਸੀਆਰ ਦੀ ਹਵਾ ਖ਼ਰਾਬ ਹੋ ਗਈ ਹੈ ਤੇ ਇੱਥੇ ਪ੍ਰਦੂਸ਼ਣ ਦਾ ਪੱਧਰ ਵਧ ਗਿਆ ਹੈ। ਪਾਬੰਦੀ ਦੇ ਬਾਵਜੂਦ ਦਿੱਲੀ ਦੇ ਲੋਕਾਂ ਨੇ ਖੂਬ ਪਟਾਕੇ ਚਲਾਏ ਤੇ ਐਨਸੀਆਰ ਵਿੱਚ ਵੀ ਲੋਕਾਂ ਨੇ ਪਟਾਕੇ ਚਲਾਏ। ਦੀਵਾਲੀ ਦੀ ਸ਼ਾਮ ਨੂੰ ਦਿੱਲੀ ਵਿੱਚ ਪ੍ਰਦੂਸ਼ਣ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ ਸੀ, ਫਿਰ ਰਾਤ ਨੂੰ ਪਟਾਕਿਆਂ ਤੋਂ ਬਾਅਦ ਅਗਲੀ ਸਵੇਰ ਹਵਾ ਦੀ ਗੁਣਵੱਤਾ ਵਿਗੜ ਗਈ।
ਦੱਸ ਦੇਈਏ ਕਿ ਹੁਣ ਇਸ ਪ੍ਰਦੂਸ਼ਣ ਕਾਰਨ ਆਉਣ ਵਾਲੇ ਕੁਝ ਦਿਨਾਂ ਤੱਕ ਦਿੱਲੀ-ਐਨਸੀਆਰ ਵਿੱਚ ਧੁੰਦ ਦੀ ਚਾਦਰ ਦੇਖਣ ਨੂੰ ਮਿਲ ਸਕਦੀ ਹੈ। ਧਿਆਨ ਯੋਗ ਹੈ ਕਿ ਦਿੱਲੀ ਵਿੱਚ ਦੀਵਾਲੀ ਤੋਂ ਪਹਿਲਾਂ ਹੀ ਇਹ ਖਦਸ਼ਾ ਜਤਾਇਆ ਜਾ ਰਿਹਾ ਸੀ ਕਿ ਇੱਥੋਂ ਦੀ ਹਵਾ ਜ਼ਹਿਰੀਲੀ ਹੋ ਸਕਦੀ ਹੈ।
ਕੀ ਹੈ ਏਅਰ ਕੁਆਲਿਟੀ ਇੰਡੈਕਸ
ਦਿੱਲੀ ਵਿੱਚ ਸਵੇਰੇ 5 ਵਜੇ ਏਕਿਊਆਈ (ਏਅਰ ਕੁਆਲਿਟੀ ਇੰਡੈਕਸ) 323 ਸੀ, ਜਿਸ ਨੂੰ ਮਾੜਾ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ, ਦਿੱਲੀ ਦੇ ਕੁਝ ਖੇਤਰਾਂ ਵਿੱਚ AQI 400 ਨੂੰ ਪਾਰ ਕਰ ਗਿਆ ਹੈ। ਨੋਇਡਾ ਦੀ ਗੱਲ ਕਰੀਏ ਤਾਂ ਇੱਥੇ AQI 342 ਅਤੇ ਗੁਰੂਗ੍ਰਾਮ ਦਾ 245 ਹੈ।
ਦੱਸ ਦਈਏ ਕਿ ਜ਼ੀਰੋ ਅਤੇ 50 ਦੇ ਵਿਚਕਾਰ AQI ਨੂੰ ਚੰਗਾ ਮੰਨਿਆ ਜਾਂਦਾ ਹੈ। 51 ਤੋਂ 100 ਤੱਕ ਦੇ AQI ਨੂੰ ਤਸੱਲੀਬਖਸ਼, 101 ਤੋਂ 200 ਦਰਮਿਆਨੇ, 200 ਤੋਂ 300 ਨੂੰ ਮਾੜਾ, 301 ਤੋਂ 400 ਨੂੰ ਬਹੁਤ ਮਾੜਾ ਅਤੇ 401 ਤੋਂ 500 ਨੂੰ ਗੰਭੀਰ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ।
ਦਿੱਲੀ-ਐਨਸੀਆਰ ਦੇ ਲੋਕਾਂ ਲਈ ਵਧ ਸਕਦੀਆਂ ਮੁਸ਼ਕਿਲਾਂ
ਦਿੱਲੀ-ਐਨਸੀਆਰ ਦੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਿਨ੍ਹਾਂ ਲੋਕਾਂ ਨੂੰ ਸਾਹ ਦੀ ਸਮੱਸਿਆ ਹੈ, ਉਨ੍ਹਾਂ ਨੂੰ ਹਵਾ ਦੀ ਖਰਾਬ ਗੁਣਵੱਤਾ ਕਾਰਨ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਬੱਚਿਆਂ ਨੂੰ ਖੰਘ ਸਮੇਤ ਗਲੇ ‘ਚ ਖਰਾਸ਼ ਦੀ ਸਮੱਸਿਆ ਹੋ ਸਕਦੀ ਹੈ। ਦੱਸ ਦਈਏ ਕਿ ਪਟਾਕਿਆਂ ਅਤੇ ਪਰਾਲੀ ਸਾੜਨ ਨਾਲ ਪ੍ਰਦੂਸ਼ਣ ਵਧਿਆ ਹੈ ਅਤੇ ਸੋਮਵਾਰ ਸ਼ਾਮ ਤੋਂ ਇੱਥੋਂ ਦੀ ਹਵਾ ਬਹੁਤ ਖਰਾਬ ਸ਼੍ਰੇਣੀ ‘ਚ ਪਹੁੰਚ ਗਈ ਹੈ।