ਵਿਦਿਆ ਨੂੰ ਇਨਸਾਨ ਦਾ ਤੀਜਾ ਨੇਤਰ ਕਿਹਾ ਜਾਂਦਾ ਹੈ। ਜਦੋਂ ਸਿੱਖਿਆ ਬੇਹੱਦ ਉੱਚ ਸਤਰ ਦੀ ਹੋਵੇ ਤਾਂ ਸਾਰੇ ਨੇਤਰ ਖੋਲ੍ਹ ਦਿੰਦੀ ਹੈ। ਅਜਿਹਾ ਹੀ ਕੁਝ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਬਣੀ ਪੰਜਾਬ ਸਰਕਾਰ ਦਾ ਸਿੱਖਿਆ ਲਈ ਵਿਸ਼ੇਸ਼ ਉਪਰਾਲਾ “ਸਕੂਲ ਆਫ਼ ਐਮੀਨੈਂਸ” ਕਰ ਦਿਖਾਏਗਾ | ਪੰਜਾਬ ‘ਚ ਵੱਖ ਵੱਖ ਥਾਂ ਖੁੱਲ੍ਹੇ ‘ਤੇ 117 ਸਕੂਲ ਆਫ਼ ਐਮੀਨੈਂਸ ਨਵੇਂ ਮੀਲ ਪੱਥਰ ਹਨ | ਪੰਜਾਬ ਸਰਕਾਰ ਦੇ ਇਨ੍ਹਾਂ ਸਕੂਲਾਂ ਨੂੰ ਚੋਟੀ ਦੀਆਂ ਸੰਸਥਾਵਾਂ ‘ਚ ਦਰਜ਼ਾ ਹਾਸਿਲ ਕਰਵਾਉਣ ਦੀ ਕੋਸ਼ਿਸ਼ ਹੋਵੇਗੀ।
ਇਹਨਾਂ ਸਕੂਲਾਂ ਦੇ ਵਿਦਿਆਰਥੀ ਪੇਸ਼ੇਵਰ ਸਿੱਖਿਆ ਦੇ ਖੇਤਰ ‘ਚ ਮੁਹਾਰਤ ਹਾਸਿਲ ਕਰ ਸਕਦੇ ਹਨ, ਜਿਵੇ ਕਿ ਵਪਾਰ, ਇੰਜੀਨੀਅਰਿੰਗ, ਮੈਡੀਕਲ, ਕਾਨੂੰਨ ਜਾਂ ਸਮਾਜਿਕ ਵਿਕਾਸ। ਪੰਜਾਬ ਸਰਕਾਰ ਦੇ ਇਹ ਵਿਸ਼ੇਸ਼ ਸਕੂਲ ਅਕਾਦਮਿਕ ਉੱਤਮਤਾ ਤੋਂ ਇਲਾਵਾ ਆਪਣੇ ਮਜਬੂਤ ਬੁਨਿਆਦੀ ਢਾਂਚੇ, ਕੁਦਰਤੀ ਮਾਹੌਲ ਤੇ ਅਧਿਆਪਕਾਂ ਦੇ ਵਿਸ਼ੇਸ਼ ਉਪਰਾਲਿਆਂ ਕਰਕੇ ਵੀ ਧਿਆਨ ਖਿੱਚਣਗੇ , ਇਹ ਸਕੂਲ ਪੰਜਾਬ ਦੀ ਭਵਿੱਖੀ ਤਰੱਕੀ ਦੀ ਦਾਸਤਾਨ ਲਿਖਣਗੇ |
ਮੁੱਖ ਮੰਤਰੀ ਨੇ ਪਹਿਲਾਂ ਕਿਹਾ ਸੀ ਕਿ ਇਹ ਸਕੂਲ ਆਜ਼ਾਦੀ ਘੁਲਾਟੀਆਂ ਦੀਆਂ ਇੱਛਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਥਾਪਿਤ ਕੀਤੇ ਜਾ ਰਹੇ ਹਨ, ਜੋ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਜ਼ਰੂਰਤਾਂ ਲਈ ਤਿਆਰ ਕਰਨਗੇ ਅਤੇ ਪੰਜਾਬ ਨੂੰ ਸਿੱਖਿਆ ਦੇ ਖੇਤਰ ਵਿੱਚ ਇੱਕ ਰੋਲ ਮਾਡਲ ਬਣਾਉਣ ਵਿੱਚ ਮਦਦ ਕਰਨਗੇ। ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਇਹ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨਾਲੋਂ ਬਿਹਤਰ ਸਿੱਖਿਆ ਪ੍ਰਦਾਨ ਕਰਨਗੇ। ਅਜਿਹੇ ਸਕੂਲ ਪਹਿਲਾਂ ਹੀ ਦਿੱਲੀ ਵਿੱਚ ਸਿੱਖਿਆ ਖੇਤਰ ਵਿੱਚ ਕ੍ਰਾਂਤੀ ਲਿਆ ਚੁੱਕੇ ਹਨ। ਹੁਣ ਪੰਜਾਬ ਦੀ ਵਾਰੀ ਹੈ ਜਿੱਥੇ ਇਸ ਮਾਡਲ ਨੂੰ ਸਫਲਤਾਪੂਰਵਕ ਲਾਗੂ ਕੀਤਾ ਜਾਵੇਗਾ।