ਮਾਛੀਵਾੜਾ ਤੋਂ ਇੱਕ ਬੇਹੱਦ ਮੰਦਭਾਗੀ ਘਟਨਾ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਮਾਛੀਵਾੜਾ ਦੇ ਨੇੜਲੇ ਪਿੰਡ ਹੰਬੋਵਾਲ ਦਾ ਵਾਸੀ ਪ੍ਰੀਤਮ ਸਿੰਘ ਪੀਤੀ (43) ਜੋ ਕਿ ਆਪਣੇ ਚੰਗੇ ਭਵਿੱਖ ਲਈ ਅਮਰੀਕਾ ਗਿਆ ਸੀ ਪਰ ਨੈਸ਼ਵਿਲ ਸ਼ਹਿਰ ਵਿਖੇ ਉਸਦੀ ਸੜਕ ਹਾਦਸੇ ਵਿਚ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਮ੍ਰਿਤਕ ਪ੍ਰੀਤਮ ਸਿੰਘ ਪੀਤੀ ਜੋ ਕਿ ਹੰਬੋਵਾਲ ਵਿਖੇ ਲੱਕੜ ਮਿਸਤਰੀ ਸੀ ਪਰ ਉਹ ਕੁਝ ਸਾਲ ਪਹਿਲਾਂ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਲਈ ਅਮਰੀਕਾ ਚਲਾ ਗਿਆ ਸੀ।
ਮਿਲੀ ਜਾਣਕਾਰੀ ਮੁਤਾਬਕ ਪਿੰਡ ਦੇ ਸਰਪੰਚ ਰਣਵੀਰ ਸਿੰਘ ਅਤੇ ਰਿਸ਼ਤੇਦਾਰ ਰਾਜਾ ਕਾਹਲੋ ਨੇ ਦੱਸਿਆ ਕਿ ਕੱਲ ਉਹ ਕਾਰ ’ਤੇ ਸਵਾਰ ਹੋ ਕੇ ਕਿਤੇ ਜਾ ਰਿਹਾ ਸੀ ਕਿ ਅਚਾਨਕ ਉਸਦੀ ਟਰਾਲੇ ਨਾਲ ਟੱਕਰ ਹੋ ਗਈ ਜਿਸ ਦੌਰਾਨ ਉਸਦੀ ਮੌਤ ਹੋ ਗਈ।
ਅੱਜ ਸਵੇਰੇ ਜਦੋਂ ਉਸਦੇ ਘਰ ਉਸਦਾ ਮੌਤ ਦਾ ਸੁਨੇਹਾ ਆਇਆ ਤਾਂ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਮ੍ਰਿਤਕ ਪ੍ਰੀਤਮ ਸਿੰਘ ਪੀਤੀ ਦੇ ਇੱਕ ਭਰਾ ਤੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਉਸਦੀ ਪਤਨੀ ਤੇ ਮਾਤਾ ਪਿੰਡ ਹੰਬੋਵਾਲ ਵਿਖੇ ਰਹਿੰਦੇ ਹਨ।
ਮ੍ਰਿਤਕ ਦਾ ਇੱਕ ਲੜਕਾ ਵੀ ਅਮਰੀਕਾ ਵਿਖੇ ਆਪਣੇ ਪਿਤਾ ਨਾਲ ਰਹਿੰਦਾ ਹੈ। ਪ੍ਰੀਤਮ ਸਿੰਘ ਦੀ ਮੌਤ ਨਾਲ ਪਿੰਡ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ ਤੋਂ ਇਲਾਵਾ 2 ਲੜਕੇ ਤੇ ਇੱਕ ਲੜਕੀ ਛੱਡ ਗਿਆ ਹੈ।