ਬਿਹਾਰ ਦੀ ਰਾਜਧਾਨੀ ਪਟਨਾ ਦੀ ਧੀ ਕ੍ਰਿਤੀ ਰਾਜ ਸਿੰਘ ਨੇ ਨਿਊਜ਼ੀਲੈਂਡ ਦੇ ਆਕਲੈਂਡ ‘ਚ 28 ਅਤੇ 29 ਨਵੰਬਰ ਨੂੰ ਹੋਈ ਜੂਨੀਅਰ ਕਾਮਨਵੈਲਥ ਚੈਂਪੀਅਨਸ਼ਿਪ ‘ਚ ਦੇਸ਼ ਦਾ ਨਾਂ ਰੌਸ਼ਨ ਕੀਤਾ। ਕ੍ਰਿਤੀ ਨੇ ਨਿਊਜ਼ੀਲੈਂਡ ਵਿੱਚ ਹੋਈ ਸਬ-ਜੂਨੀਅਰ ਪਾਵਰਲਿਫਟਿੰਗ ਕਾਮਨਵੈਲਥ ਚੈਂਪੀਅਨਸ਼ਿਪ ਵਿੱਚ ਛੇ ਸੋਨ ਤਗਮੇ ਜਿੱਤੇ। ਉਸ ਦੀ ਜਿੱਤ ਨਾਲ ਦੇਸ਼ ਦਾ ਮਾਣ ਵਧਿਆ ਹੈ। ਕ੍ਰਿਤੀ ਰਾਜ ਇਸ ਮੁਕਾਬਲੇ ਵਿੱਚ ਜਿੱਤ ਦਰਜ ਕਰਕੇ ਪਟਨਾ ਪਹੁੰਚੀ। ਅੱਜ ਜਦੋਂ ਕ੍ਰਿਤੀ ਰਾਜ ਸਿੰਘ ਮੈਡਲ ਜਿੱਤ ਕੇ ਘਰ ਆਈ, ਤਾਂ ਉਸ ਦੇ ਪਿਤਾ ਦੀਆਂ ਅੱਖਾਂ ਖੁਸ਼ੀ ਨਾਲ ਨਮ ਹੋ ਗਈਆਂ। ਉਸ ਦਾ ਕਹਿਣਾ ਹੈ ਕਿ ਉਸ ਨੇ ਆਪਣੀ ਧੀ ਨੂੰ ਇਸ ਚੈਂਪੀਅਨਸ਼ਿਪ ਵਿਚ ਭੇਜਣ ਲਈ ਆਪਣੀ ਜ਼ਮੀਨ ਗਿਰਵੀ ਰੱਖੀ।
ਕ੍ਰਿਤੀ ਪੰਜ ਭੈਣਾਂ ਵਿੱਚੋਂ ਸਭ ਤੋਂ ਛੋਟੀ ਹੈ ਤੇ ਉਸਦੇ ਤਿੰਨ ਭਰਾ ਪੜ੍ਹਦੇ ਹਨ। ਕ੍ਰਿਤੀ ਨੇ ਆਪਣੀ 10ਵੀਂ ਜਮਾਤ ਇਨਫੈਂਟ ਜੀਸਸ ਅਕੈਡਮੀ, ਖੁਸਰੂਪਪੁਰ ਤੋਂ ਪੂਰੀ ਕੀਤੀ। ਫਿਰ ਬੀ.ਡੀ ਪਬਲਿਕ ਕਾਲਜ ਤੋਂ ਇੰਟਰਮੀਡੀਏਟ ਦੀ ਪੜ੍ਹਾਈ ਕੀਤੀ। ਫਿਲਹਾਲ ਉਹ ਲਕਸ਼ਮੀਬਾਈ ਨੈਸ਼ਨਲ ਇੰਸਟੀਚਿਊਟ ਆਫ ਫਿਜ਼ੀਕਲ ਐਜੂਕੇਸ਼ਨ, ਗੁਹਾਟੀ ਤੋਂ ਬੀਪੀਈਡ ਕਰ ਰਹੀ ਹੈ।
ਪਟਨਾ ਏਅਰਪੋਰਟ ‘ਤੇ ਕ੍ਰਿਤੀ ਦੇ ਪਰਿਵਾਰ ਸਮੇਤ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ। ਲੋਕਾਂ ਨੇ ਕ੍ਰਿਤੀ ਦਾ ਸ਼ਾਨਦਾਰ ਸਵਾਗਤ ਕੀਤਾ। ਕ੍ਰਿਤੀ ਰਾਜ ਇੱਕ ਕਿਸਾਨ ਦੀ ਬੇਟੀ ਹੈ। ਪਿਤਾ ਲਲਨ ਸਿੰਘ ਅਤੇ ਮਾਤਾ ਸੁਨੈਨਾ ਦੇਵੀ ਨੇ ਕ੍ਰਿਤੀ ਦਾ ਮੂੰਹ ਮਿੱਠਾ ਕਰਵਾਇਆ। ਇਸ ਦੌਰਾਨ ਕ੍ਰਿਤੀ ਨੇ ਦੱਸਿਆ ਕਿ ਮੈਨੂੰ ਉਮੀਦ ਨਹੀਂ ਸੀ ਕਿ ਮੈਂ 6 ਗੋਲਡ ਮੈਡਲ ਜਿੱਤ ਲਿਆਵਾਂਗੀ। ਮੈਨੂੰ ਬਚਪਨ ਤੋਂ ਹੀ ਖੇਡਾਂ ਦਾ ਸ਼ੌਕ ਰਿਹਾ ਹੈ। ਮੈਂ ਜਿੰਮ ਜਾਂਦੀ ਰਹੀ ਹਾਂ, ਜਿੱਥੇ ਕਰਨ ਕੁਮਾਰ ਨੇ ਮੈਨੂੰ ਵੇਟ ਲਿਫਟਿੰਗ ਕਰਨ ਲਈ ਉਤਸ਼ਾਹਿਤ ਕੀਤਾ। ਫਿਰ ਉਨ੍ਹਾਂ ਦੀ ਦੇਖ-ਰੇਖ ਹੇਠ ਅੱਜ ਮੈਂ ਇਸ ਮੁਕਾਮ ਤੱਕ ਪਹੁੰਚੀ।
ਕ੍ਰਿਤੀ ਰਾਜ ਸਿੰਘ ਦੀ ਕਾਮਯਾਬੀ ਪਿੱਛੇ ਉਸ ਦੇ ਪਿਤਾ ਅਤੇ ਕੋਚ ਦਾ ਵੱਡਾ ਯੋਗਦਾਨ ਹੈ। ਇਹੀ ਕਾਰਨ ਹੈ ਕਿ ਉਹ ਇਸ ਦਾ ਸਿਹਰਾ ਆਪਣੇ ਪੂਰੇ ਪਰਿਵਾਰ ਅਤੇ ਆਪਣੇ ਕੋਚ ਕਰਨ ਨੂੰ ਦਿੰਦੀ ਹੈ। ਪਿਤਾ ਲਲਨ ਸਿੰਘ ਨੇ ਆਪਣੀ ਧੀ ਨੂੰ ਆਕਲੈਂਡ ਭੇਜਣ ਲਈ ਆਪਣਾ ਖੇਤ ਗਿਰਵੀ ਰੱਖਿਆ। ਇਸ ਦੇ ਨਾਲ ਹੀ ਕ੍ਰਿਤੀ ਦੀ ਮਾਂ ਨੇ ਦੱਸਿਆ ਕਿ ਉਹ ਖੁਦ ਪੜ੍ਹੀ-ਲਿਖੀ ਨਹੀਂ ਹੈ ਪਰ ਉਸ ਨੇ ਆਪਣੇ ਸਾਰੇ ਬੇਟਿਆਂ-ਧੀਆਂ ਨੂੰ ਪੜ੍ਹਾਉਣ ਅਤੇ ਉਨ੍ਹਾਂ ਦੇ ਸੁਪਨੇ ਨੂੰ ਪੂਰਾ ਕਰਨ ਲਈ ਹਮੇਸ਼ਾ ਸੰਘਰਸ਼ ਕੀਤਾ।