Wrong information about Sikhs: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਨਸੀਈਆਰਟੀ ਵੱਲੋਂ ਸਿਲੇਬਸ ਦੀਆਂ ਕਿਤਾਬਾਂ ’ਚ ਸਿੱਖਾਂ ਸਬੰਧੀ ਗਲਤ ਜਾਣਕਾਰੀ ਦੇਣ ’ਤੇ ਸਖ਼ਤ ਇਤਰਾਜ ਪ੍ਰਗਟ ਕੀਤਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਐਨਸੀਈਆਰਟੀ ਸਿੱਖਾਂ ਨਾਲ ਸਬੰਧਤ ਇਤਿਹਾਸਕ ਵੇਰਵਿਆਂ ਨੂੰ ਗਲਤ ਅਰਥਾਂ ’ਚ ਪੇਸ਼ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਇਸ ਨੇ ਬਾਰ੍ਹਵੀਂ ਜਮਾਤ ਦੀ ਕਿਤਾਬ ‘ਸੁਤੰਤਰ ਭਾਰਤ ’ਚ ਰਾਜਨੀਤੀ’ ਅੰਦਰ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਬਾਰੇ ਭੁਲੇਖਾ ਪਾਊ ਜਾਣਕਾਰੀ ਦਰਜ ਕੀਤੀ ਗਈ ਹੈ, ਜਿਸ ਨਾਲ ਕੌਮ ਦੀਆਂ ਭਾਵਨਾਵਾਂ ਦੁਖੀਆਂ ਹਨ। ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਦੀ ਵਿਆਖਿਆ ਕਰਦਿਆਂ ਸਿੱਖਾਂ ਨੂੰ ਵੱਖਵਾਦੀ ਪੇਸ਼ ਕਰਨਾ ਹਰਗਿਜ਼ ਜਾਇਜ਼ ਨਹੀਂ ਹੈ, ਲਿਹਾਜਾ ਐਨਸੀਈਆਰਟੀ ਇਸ ਨੂੰ ਤੁਰੰਤ ਹਟਾਏ।
ਐਡਵੋਕੇਟ ਧਾਮੀ ਨੇ ਕਿਹਾ ਕਿ ਇਸ ਦੇ ਨਾਲ ਹੀ ਬਾਰ੍ਹਵੀਂ ਦੀ ਕਿਤਾਬ ’ਚੋਂ ਕੁਝ ਜਾਣਕਾਰੀਆਂ ਹਟਾਉਣ ਅਤੇ ਕੁਝ ਨਵੀਆਂ ਸ਼ਾਮਲ ਕਰਨ ਸਮੇਂ ਫਿਰਕੂਪੱਖ ਤੋਂ ਕਾਰਵਾਈ ਕੀਤੀ ਗਈ ਹੈ। ਦੁੱਖ ਦੀ ਗੱਲ ਹੈ ਕਿ ਜੋ ਮੌਜੂਦਾ ਕੇਂਦਰ ਸਰਕਾਰ ਨੂੰ ਵਾਰਾ ਖਾਂਦਾ ਹੈ, ਉਸ ਅਨੁਸਾਰ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ। ਖਾਸ ਕਰਕੇ ਘੱਟ ਗਿਣਤੀਆਂ ਬਾਰੇ ਪਾਠਕ੍ਰਮ ਖਤਮ ਕੀਤੇ ਜਾ ਰਹੇ ਹਨ ਅਤੇ ਮਨਮਰਜੀ ਦਾ ਸਿਲੇਬਸ ਬਣਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਸੇ ਅਨੁਸਾਰ ਸੋਚੀ ਸਮਝੀ ਚਾਲ ਤਹਿਤ ਹੀ ‘ਸੁਤੰਤਰ ਭਾਰਤ ’ਚ ਰਾਜਨੀਤੀ’ ਪੁਸਤਕ ਵਿਚ ਵੀ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਦੀ ਗਲਤ ਵਿਆਖਿਆ ਕੀਤੀ ਗਈ ਹੈ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦਾ ਮਤਾ ਇਕ ਇਤਿਹਾਸਕ ਦਸਤਾਵੇਜ਼ ਹੈ ਜਿਸ ਵਿਚ ਕੋਈ ਵੀ ਗਲਤ ਗੱਲ ਸ਼ਾਮਲ ਨਹੀਂ ਹੈ। ਇਸ ਵਿਚ ਸੂਬਿਆਂ ਦੇ ਅਧਿਕਾਰਾਂ ਦੀ ਗੱਲ ਕੀਤੀ ਗਈ ਹੈ ਅਤੇ ਦੁੱਖ ਦੀ ਗੱਲ ਹੈ ਕਿ ਅੱਜ ਵੀ ਅਜਿਹੇ ਹੀ ਹਾਲਾਤ ਹਨ। ਸੂਬਿਆਂ ਦੇ ਹੱਕਾਂ ਅਤੇ ਹਿੱਤਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇੰਝ ਲਗਦਾ ਹੈ ਕਿ ਜਿਵੇਂ ਜਾਣਬੁਝ ਕਿ ਹਿੰਦੂ ਰਾਸ਼ਟਰ ਦੀ ਭਾਸ਼ਾ ਬੋਲਣ ਵਾਲਿਆਂ ਦੀ ਤਰਫਦਾਰੀ ਕੀਤੀ ਜਾ ਰਹੀ ਹੈ, ਜਦਕਿ ਦੂਸਰੇ ਪਾਸੇ ਘੱਟਗਿਣਤੀਆਂ ਦੇ ਮਾਮਲਿਆਂ ਨੂੰ ਹੱਲ ਕਰਨ ਦੀ ਥਾਂ ਉਨ੍ਹਾਂ ਪ੍ਰਤੀ ਗਲਤ ਧਾਰਨਾਵਾਂ ਪੈਦਾ ਕਰਕੇ ਵਿਰੋਧੀ ਬ੍ਰਿਤਾਂਤ ਸਿਰਜਿਆ ਜਾ ਰਿਹਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸਿਲੇਬਸਾਂ ਚੋਂ ਫਿਰਕਾਪ੍ਰਸਤੀ ਦੀ ਭਾਵਨਾ ਦ੍ਰਿਸ਼ਟਮਾਨ ਹੋਣੀ ਦੇਸ਼ ਦੇ ਸਰੋਕਾਰਾਂ ਦੇ ਅਨੁਕੂਲ ਨਹੀਂ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h