ਚੰਡੀਗੜ੍ਹ ਦੀ 17 ਸਾਲਾ ‘ਕਾਫ਼ੀ’ ਮਨੁੱਖੀ ਹਿੰਮਤ ਦੀ ਇੱਕ ਚਮਕਦਾਰ ਉਦਾਹਰਣ ਬਣ ਗਈ ਹੈ। ਸਖ਼ਤ ਮਿਹਨਤ ਨਾਲ, ਉਸਨੇ ਆਪਣੀ ਹਨੇਰੀ ਦੁਨੀਆਂ ਵਿੱਚ ਰੌਸ਼ਨੀ ਦਾ ਇੱਕ ਨਵਾਂ ਰਸਤਾ ਬਣਾਇਆ ਹੈ।
ਦੱਸ ਦੇਈਏ ਕਿ ਚੰਡੀਗੜ੍ਹ ਦੇ ਸੈਕਟਰ-26 ਵਿੱਚ ਸਥਿਤ ਬਲਾਇੰਡ ਸਕੂਲ ਦੀ ਇਸ ਵਿਦਿਆਰਥਣ ਨੇ 12ਵੀਂ ਦੀ ਬੋਰਡ ਪ੍ਰੀਖਿਆ ਵਿੱਚ 95.6% ਅੰਕ ਪ੍ਰਾਪਤ ਕਰਕੇ ਆਪਣੇ ਸਕੂਲ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਸਿਰਫ਼ 3 ਸਾਲ ਦੀ ਉਮਰ ਵਿੱਚ ਤੇਜ਼ਾਬੀ ਹਮਲੇ ਦਾ ਸ਼ਿਕਾਰ ਹੋਈ ‘ਕਾਫ਼ੀ’ ਦਾ ਸੁਪਨਾ IAS ਅਫਸਰ ਬਣਨ ਦਾ ਹੈ।
ਇੰਡੀਆ ਟੂਡੇ ਦੇ ਅਮਨ ਭਾਰਦਵਾਜ ਦੀ ਰਿਪੋਰਟ ਦੇ ਅਨੁਸਾਰ, ‘ਕਾਫੀ’ ਦੀ ਇਸ ਜ਼ਬਰਦਸਤ ਸਫਲਤਾ ਪਿੱਛੇ ਇੱਕ ਬਹੁਤ ਹੀ ਦਰਦਨਾਕ ਕਹਾਣੀ ਹੈ। ਬਚਪਨ ਵਿੱਚ ਇੱਕ ਭਿਆਨਕ ਘਟਨਾ ਨੇ ਉਸਦੀ ਜ਼ਿੰਦਗੀ ਨੂੰ ਹਿਲਾ ਕੇ ਰੱਖ ਦਿੱਤਾ।
2011 ਵਿੱਚ ਹੋਲੀ ਦਾ ਦਿਨ ਸੀ। ਹਿਸਾਰ ਜ਼ਿਲ੍ਹੇ ਦੇ ਬੁਢਾਨਾ ਪਿੰਡ ਵਿੱਚ, ਤਿੰਨ ਗੁਆਂਢੀਆਂ ਨੇ ਈਰਖਾ ਦੇ ਕਾਰਨ 3 ਸਾਲਾ ਕਾਫੀ ‘ਤੇ ਤੇਜ਼ਾਬ ਸੁੱਟ ਦਿੱਤਾ। ਇਸ ਤੇਜ਼ਾਬੀ ਹਮਲੇ ਵਿੱਚ ਉਹ ਬੁਰੀ ਤਰ੍ਹਾਂ ਸੜ ਗਈ ਅਤੇ ਹਮੇਸ਼ਾ ਲਈ ਆਪਣੀਆਂ ਅੱਖਾਂ ਦੀ ਰੌਸ਼ਨੀ ਗੁਆ ਬੈਠੀ।
ਇਸ ਘਟਨਾ ਨੂੰ ਯਾਦ ਕਰਦਿਆਂ ‘ਕਾਫ਼ੀ’ ਕਹਿੰਦੀ ਹੈ
ਡਾਕਟਰਾਂ ਨੇ ਮੇਰੀ ਜਾਨ ਤਾਂ ਬਚਾਈ, ਪਰ ਮੇਰੀਆਂ ਅੱਖਾਂ ਦੀ ਰੌਸ਼ਨੀ ਨਹੀਂ ਬਚਾ ਸਕੇ।
‘ਕਾਫ਼ੀ’ ਦਾ ਸ਼ੁਰੂ ਵਿੱਚ ਏਮਜ਼, ਦਿੱਲੀ ਵਿੱਚ ਇਲਾਜ ਕੀਤਾ ਗਿਆ ਸੀ, ਪਰ ਡਾਕਟਰਾਂ ਨੇ ਉਸਨੂੰ ਸਪੱਸ਼ਟ ਤੌਰ ‘ਤੇ ਦੱਸ ਦਿੱਤਾ ਕਿ ਉਸਦੀ ਨਜ਼ਰ ਬਹਾਲ ਨਹੀਂ ਕੀਤੀ ਜਾ ਸਕਦੀ।
ਇਸ ਦੇ ਬਾਵਜੂਦ, ‘ਕਾਫ਼ੀ’ ਨੇ ਆਪਣੀ ਪੜ੍ਹਾਈ ਸ਼ੁਰੂ ਕਰ ਦਿੱਤੀ। ਇਹ ਪਿੰਡ ਤੋਂ ਸ਼ੁਰੂ ਹੋਇਆ ਸੀ, ਪਰ ਉਸਦੀ ਜ਼ਿੰਦਗੀ ਵਿੱਚ ਮੋੜ ਉਦੋਂ ਆਇਆ ਜਦੋਂ ਉਹ ਛੇਵੀਂ ਜਮਾਤ ਵਿੱਚ ਪੜ੍ਹਨ ਲਈ ਚੰਡੀਗੜ੍ਹ ਦੇ ਬਲਾਇੰਡ ਸਕੂਲ ਵਿੱਚ ਸ਼ਾਮਲ ਹੋ ਗਈ।
ਉਹ ਸਕੂਲ ਵਿੱਚ ਸਖ਼ਤ ਮਿਹਨਤ ਕਰਦੀ ਸੀ ਅਤੇ ਹਰ ਸਾਲ ਆਪਣੀ ਜਮਾਤ ਵਿੱਚ ਅੱਵਲ ਆਉਂਦੀ ਸੀ। ਆਡੀਓ ਕਿਤਾਬਾਂ ਦੀ ਮਦਦ ਨਾਲ ਪੜ੍ਹਾਈ ਕਰਕੇ, ‘ਕਾਫ਼ੀ’ ਨੇ 10ਵੀਂ ਜਮਾਤ ਦੀ ਪ੍ਰੀਖਿਆ ਵਿੱਚ 95.2% ਅੰਕ ਵੀ ਪ੍ਰਾਪਤ ਕੀਤੇ ਸਨ। ਹੁਣ 12ਵੀਂ ਜਮਾਤ ਵਿੱਚ ਵੀ ਉਸਨੇ 95 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ।