ਫਿਰੋਜ਼ਪੁਰ ਦੇ ਹਲਕਾ ਜੀਰਾ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਜਿਸ ਨੇ ਜੀਰਾ ਪੁਲਿਸ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆ ਖੜਾ ਕਰ ਦਿੱਤਾ ਹੈ। ਦੱਸ ਦੇਈਏ ਕਿ ਮਾਮਲਾ ਇਕ ਹਲਵਾਈ ਨਾਲ ਜੁੜਿਆ ਹੋਇਆ ਹੈ। ਜਿਸ ਵਿੱਚ ਆਰੋਪ ਲੱਗੇ ਹਨ ਕਿ ਇੱਕ SHO ਦਾ ਗੰਨਮੈਨ ਅਧਿਕਾਰੀਆਂ ਦੇ ਨਾਮ ਤੇ 70 ਹਜਾਰ ਰੁਪਏ ਦੀ ਮਠਿਆਈ ਖਾ ਗਿਆ ਤੇ ਪੀੜਤ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ।
ਫਿਰੋਜ਼ਪੁਰ SSP ਦਫਤਰ ਪਹੁੰਚੇ ਹਲਕਾ ਜੀਰਾ ਦੇ ਇੱਕ ਹਲਵਾਈ ਰਜੀਵ ਕੁਮਾਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜੀਰਾ ਵਿੱਚ ਉਸਦੀ ਹਲਵਾਈ ਦੀ ਦੁਕਾਨ ਹੈ। ਉਸਨੇ ਦੱਸਿਆ ਕਿ ਜੀਰਾ ਦੇ SHO ਦਾ ਗੰਨਮੈਨ ਸੀਨੀਅਰ ਅਧਿਕਾਰੀਆਂ ਦੇ ਨਾਮ ਤੇ ਥੋੜ੍ਹੀ ਥੋੜ੍ਹੀ ਕਰ ਉਸ ਕੋਲੋਂ 70 ਹਜਾਰ ਰੁਪਏ ਦੀ ਮਠਿਆਈ ਲੈ ਗਿਆ ਹੈ। ਜਿਸਦੇ ਪੈਸੇ ਅੱਜ ਤੱਕ ਉਸਨੂੰ ਨਹੀਂ ਮਿਲੇ ਹਨ।
ਉਸਨੇ ਕਈ ਵਾਰ ਪੈਸੇ ਮੰਗਣ ਦੀ ਕੋਸ਼ਿਸ਼ ਕੀਤੀ ਪਰ ਹਰ ਵਾਰ ਉਸਨੂੰ ਟਾਲ ਮਟੋਲ ਕਰ ਦਿੱਤਾ ਜਾਂਦਾ ਹੈ। ਜਿਸ ਸਬੰਧੀ ਉਹ ਸੀਨੀਅਰ ਅਧਿਕਾਰੀਆਂ ਨਾਲ ਵੀ ਗੱਲਬਾਤ ਕਰ ਚੁੱਕਿਆ ਹੈ। ਪਰ ਉਸਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਹੁਣ ਤਾਂ ਉਸਨੂੰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ। ਜਿਸਤੋਂ ਬਾਅਦ ਅੱਜ ਉਹ ਫਿਰੋਜ਼ਪੁਰ ਦੇ ਨਵੇਂ SSP ਨੂੰ ਦਰਖਾਸਤ ਦੇਣ ਲਈ ਪਹੁੰਚਿਆ ਹੈ।
ਓਧਰ ਜਦੋਂ ਗੰਨਮੈਨ ਦਾ ਪੱਖ ਜਾਨਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸਨੇ ਕਿਹਾ ਉਸਤੇ ਝੂਠੇ ਆਰੋਪ ਲਗਾਏ ਜਾ ਰਹੇ ਹਨ। ਪਹਿਲਾਂ ਵੀ ਉਸਦੇ ਖਿਲਾਫ਼ ਕਾਫੀ ਖਬਰਾਂ ਚਲੀਆਂ ਹਨ ਅਤੇ ਹੁਣ ਵੀ ਤੁਸੀਂ ਜਿਵੇਂ ਚਲਾਉਣੀ ਚਲਾ ਦਿਓ।
ਉਥੇ ਹੀ ਜਦੋਂ SPD ਮਨਜੀਤ ਸਿੰਘ ਨੇ ਕਿਹਾ ਕਿ ਇਹ ਮਾਮਲਾ ਹੁਣ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ। ਮਾਮਲੇ ਦੀ ਜਾਂਚ ਕਰ ਬਣਦੀ ਕਾਰਵਾਈ ਕੀਤੀ ਜਾਵੇਗੀ।