ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਬਾਰੇ ਮੇਰੇ ਬੇਟੇ ਨੇ ਮੈਨੂੰ ਪੁੱਛਿਆ ਕਿ ‘ਪਾਪਾ ਜੇਕਰ ਗੁਰੂ ਸਾਹਿਬ ਦਾ ਜਨਮ ਦਿਨ 15 ਅਪ੍ਰੈਲ ਨੂੰ ਹੈ ਤਾਂ ਅਸੀਂ ਨਵੰਬਰ ’ਚ ਕਿਉਂ ਮਨਾਉਂਦੇ ਹਾਂ।”
ਗੱਲ ਤਾਂ ਅਸਲ ’ਚ ਠੀਕ ਹੈ ਪਰ ਹੈ ਸੋਚਣ ਵਾਲੀ, ਕਿਉਂਕਿ ਸਾਡੇ ਇਤਹਾਸਕਾਰਾਂ ਨੇ ਗੁੰਝਲਾਂ ਹੀ ਐਨੀਆ ਪਾਂ ਦਿੱਤੀਆਂ ਨੇ ਕਿ ਇਸ ’ਚੋਂ ਬਾਹਰ ਨਿਕਲਣਾ ਬਹੁਤ ਮੁਸ਼ਕਿਲ ਹੈ। ਜਨਮ ਸਾਖੀਆਂ ਦੇ ਆਪਸ ’ਚ ਵਿਚਾਰ ਮੇਲ ਨਹੀਂ ਖਾਂਦੇ।
ਗੁਰੂ ਸਾਹਿਬ ਜੀ ਦੇ ਜਨਮ ਸਬੰਧੀ ਇਸ ਤਰ੍ਹਾਂ ਦੇ ਵਿਵਾਦ ਵਿੱਚ ਪੈਣਾ ਭਾਵੇਂ ਸਿਆਣਪ ਨਹੀਂ ਹੈ, ਕਿਉਂਕਿ ਮੁੱਖ ਲੋੜ ਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ, ਅਸੂਲਾਂ, ਗੁਰਮਤਿ ਵੀਚਾਰਧਾਰਾ ਅਤੇ ਫ਼ਲਸਫ਼ੇ ਨੂੰ ਮੰਨਣ, ਸਮਝਣ ਦੀ ਹੈ, ਨਾ ਕਿ ਚਕਰਵਿਊ ਵਿਚ ਪੈਣ ਦੀ। ਪਰ ਇਸ ਬਾਰੇ ਜਿਨਾਂ ਨੂੰ ਅਸਲ ’ਚ ਗੁਰੂ ਸਾਹਿਬ ਜੀ ਦੇ ਅਸਲ ਜਨਮ ਬਾਰੇ ਸ਼ੰਕਾ ਹੈ, ਇਹ ਲੇਖ ਵੀ ਉਨ੍ਹਾਂ ਲਈ ਹੈ।
ਪ੍ਰਸਿੱਧ ਇਤਿਹਾਸਕਾਰ ਕਰਮ ਸਿੰਘ ਹਿਸਟੋਰਿਅਨ ਲਿਖਦੇ ਹਨ ਕਿ “ਸਤਿਗੁਰੂ ਨਾਨਕ ਜੀ ਕਿਸ ਮਹੀਨੇ ਪ੍ਰਗਟ ਹੋਏ, ਕੱਤਕ ਕਿ ਵੈਸਾਖ ਵਿੱਚ ? ਇਸਦਾ ਨਿਰਣਾ ਕੋਈ ਔਖੀ ਗੱਲ ਨਹੀਂ। ਇਸ ਵੇਲੇ ਤੀਕ ਜਿੰਨੀਆਂ ਪੁਰਾਣੀਆਂ ਲਿਖਤਾਂ ਮਿਲਦੀਆਂ ਹਨ, ਉਨ੍ਹਾਂ ਸਾਰੀਆਂ ਤੋਂ ਇਹੀ ਸਿੱਧ ਹੁੰਦਾ ਹੈ ਕਿ ਸਤਿਗੁਰੂ ਜੀ ਵਸਾਖ ਸੁਦੀ ਤਿੰਨ ਨੂੰ ਪ੍ਰਗਟ ਹੋਏ ਪਰ ਇਨ੍ਹਾਂ ਦੇ ਉਲਟ ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਪ੍ਰਗਟ ਹੋਣ ਦੀ ਤਾਰੀਖ਼ ਕੱਤਕ ਪੂਰਨਮਾਸ਼ੀ ਮੰਨੀ ਹੈ। ਵੇਖਣਾ ਹੁਣ ਇਹ ਹੈ ਕਿ ਕਿਹੜੀ ਤਾਰੀਖ਼ ਸ਼ੁੱਧ ਹੈ ਅਤੇ ਕਿਹੜੀ ਅਸ਼ੁੱਧ ਹੈ?
ਸਭ ਤੋਂ ਪੁਰਾਣੀ ਲਿਖਤ ਉਹ ਜਨਮ ਸਾਖੀ ਹੈ, ਜੋ ਛੇਵੀਂ ਪਾਤਸ਼ਾਹੀ ਜੀ ਦੇ ਸਮੇਂ ਤੋਂ ਪਹਿਲਾਂ ਦੀ ਲਿਖੀ ਹੋਈ ਪ੍ਰਤੀਤ ਹੁੰਦੀ ਹੈ। ਇੱਕ ਪੋਥੀ ਜੋ ਛੇਵੀਂ ਪਾਤਸ਼ਾਹੀ ਜੀ ਦੇ ਸਮੇਂ ਲਿਖੀ ਗਈ ਸੀ, ਮੈਂ ਵੇਖੀ ਹੈ। ਇਹ ਪੋਥੀ ਕਿਸੇ ਪੁਰਾਤਨ ਪੋਥੀ ਦਾ ਉਤਾਰਾ ਸੀ, ਜੋ ਸ਼ਾਇਦ ਪੰਚਮ ਪਾਤਸ਼ਾਹ ਜੀ ਦੇ ਸਮੇਂ ਵਿੱਚ ਲਿਖੀ ਗਈ ਹੋਵੇ। ਪੁਰਾਣੀਆਂ ਜਨਮ ਸਾਖੀਆਂ ਜੋ ਮੈਂ ਵੇਖੀਆਂ ਹਨ, ਉਹ ਸਾਰੀਆਂ ਉਸ ਜਨਮ ਸਾਖੀ ਦੇ ਉਤਾਰੇ ਹਨ, ਜੋ ਪੰਚਮ ਪਾਤਸ਼ਾਹ ਜੀ ਦੇ ਸਮੇਂ ਲਿਖੀ ਗਈ ਸੀ। ਇਸ ਜਨਮ ਸਾਖੀ ਵਿੱਚ ਸਤਿਗੁਰੂ ਜੀ ਦੇ ਪ੍ਰਗਟ ਹੋਣ ਦੀ ਤਾਰੀਖ਼ ਵੈਸਾਖ਼ ਸੁਦੀ ਤਿੰਨ ਦਿੱਤੀ ਹੈ।
ਇਸ ਪੁਰਾਣੀ ਲਿਖਤ ਤੋਂ ਉਤਰ ਕੇ ਦੂਜੀ ਪੁਰਾਣੀ ਲਿਖਤ, ਜੋ ਮੈਂ ਵੇਖੀ ਹੈ, ਉਹ ਬਾਬਾ ਮਿਹਰਵਾਨ ਜੀ ਦੀ ਲਿਖੀ ਪੋਥੀ ਹੈ। ਬਾਬਾ ਮਿਹਰਬਾਨ ਜੀ ਪੰਚਮ ਪਾਤਸ਼ਾਹ ਜੀ ਤੇ ਛੇਵੇਂ ਪਾਤਸ਼ਾਹ ਜੀ ਦੇ ਸਮਕਾਲੀ ਸਨ। ਗੁਰੂ ਜੀ ਦੀ ਪੋਥੀ ਵਿੱਚ ਵੀ ਸਤਿਗੁਰੂ ਜੀ ਦੇ ਪ੍ਰਗਟ ਹੋਣ ਦੀ ਤਾਰੀਖ਼ ਵੈਸਾਖ ਸੁਦੀ ਤਿੰਨ ਹੀ ਦਿੱਤੀ ਹੈ। ”
ਕਰਮ ਸਿੰਘ ਹਿਸਟੋਰਿਅਨ ਨੇ ਸ੍ਰੀ ਗੁਰੂ ਨਾਨਕ ਸਾਹਿਬ ਦਾ ਜਨਮ ਦਿਨ ਵਿਸਾਖ਼ ਹੋਣ ਨੂੰ ਮੇਹਰਬਾਨ ਦੀ ਲਿਖੀ ਜਨਮ ਸਾਖੀ ਦੇ ਅਧਾਰ ‘ਤੇ ਮੰਨ ਲਿਆ। ਉਨ੍ਹਾਂ ਨੇ ਕੋਈ ਹੋਰ ਸਬੂਤ ਨਹੀਂ ਦਿੱਤਾ ਸੀ। ਉਨ੍ਹਾਂ ਨੇ ਭਾਈ ਸੰਤੋਖ ਸਿੰਘ, ਭਾਈ ਗੁਰਦਾਸ ਅਤੇ ਭਾਈ ਬਾਲੇ ਵਾਲੀ ਸਾਖੀ ਨੂੰ ਵੀ ਨਜ਼ਰ ਅੰਦਾਜ਼ ਕਰ ਦਿੱਤਾ।
ਭਾਈ ਬਾਲੇ ਵਾਲੀ ਜਨਮ ਸਾਖੀ ਗੁਰੂ ਅੰਗਦ ਦੇਵ ਜੀ ਨੇ ਆਪਣੀ ਦੇਖ ਰੇਖ ਹੇਠ ਭਾਈ ਬਾਲੇ ਜੀ ਦੀਆਂ ਬਾਬੇ ਨਾਨਕ ਨਾਲ ਬਿਤਾਏ ਸਮੇਂ ਦੀਆਂ ਯਾਦਾਂ ਅਤੇ ਅਤੇ ਗੁਰੂ ਨਾਨਕ ਦੇਵ ਜੀ ਵਲੋਂ ਉਦਾਸੀਆਂ ਸਮੇ ਲਿਖੀ ਪੁਸਤਕ ਅਨੁਸਾਰ ਲਿਖਵਾਈ।
(ਪਰ ਇਥੇ ਇਕ ਗੱਲ ਨੋਟ ਕਰਨ ਵਾਲੀ ਹੈ ਕਿ ਭਾਈ ਬਾਲਾ ਗੁਰੂ ਨਾਨਕ ਸਾਹਿਬ ਦਾ ਸਾਥੀ ਨਹੀਂ ਸੀ; ਗੁਰੂ ਸਾਹਿਬ ਨਾਲ ਸਿਰਫ਼ ਮਰਦਾਨਾ ਹੀ ਸੀ; ਬਾਲੇ ਨੂੰ ਗੁਰੂ ਸਾਹਿਬ ਦੇ ਸਾਥੀ ਵਜੋਂ ਪੇਸ਼ ਕਰਨ ਦੀ ਗਲਤੀ ਹੰਦਾਲੀਆਂ ਨੇ ਕੀਤੀ ਸੀ ਤਾਂ ਜੋ ਉਹ ਆਪਣੀ ਨਵੀਂ ਘੜੀ ਜਨਮ ਸਾਖੀ ਨੂੰ ਅਸਲੀ ਸਾਬਿਤ ਕਰ ਸਕਣ ਅਤੇ ਇੰਜ ਆਪਣੇ ਵੱਡੇ-ਵਡੇਰੇ ਹੰਦਾਲ ਨੂੰ ਗੁਰੂ ਨਾਨਕ ਤੋਂ ਵੱਡਾ ਸਾਬਿਤ ਕਰ ਸਕਣ। ਅਜਿਹਾ ਜਾਪਦਾ ਹੈ ਕਿ ਬਾਲਾ ਖਡੂਰ ਸਾਹਿਬ ਦਾ ਵਾਸੀ ਸੀ; ਖਡੂਰ ਵਿਚ ਇਸ ਭਾਈ ਬਾਲੇ ਦੀ ਸਮਾਧ ਵੀ ਬਣੀ ਹੋਈ ਹੈ।)
ਉਸ ਜਨਮ ਸਾਖੀ ਵਿਚ ਜਨਮ ਪਤਰੇ ਦੇ ਅਧਾਰ ’ਤੇ ਗੁਰੂ ਬਾਬੇ ਦਾ ਆਗਮਨ ਦਿਵਸ ਕੱਤਕ ਸ਼ੁਦੀ ਪੂਰਨਮਾਸ਼ੀ ਬਿਕ੍ਰਮੀ ਸੰਮਤ 1526 ਮੁਤਾਬਕ ਸੰਨ 1469 ਈ: ਦਰਜ ਹੈ।
ਉਸ ਦੀ ਪੁਸ਼ਟੀ ਭਾਈ ਗੁਰਦਾਸ ਜੀ ਦਾ ਸਲੋਕ ਕਰਦਾ ਹੈ।
“ਕਾਰਤਕ ਮਾਸ ਰੁਤਿ ਸਰਤ ਪੂਰਨਮਾਸ਼ੀ
ਆਠ ਜਾਮ ਸਾਠ ਘੜੀ ਆਜ ਤੇਰੀ ਬਾਰੀ ਹੈ।
ਅਉਸਰ ਅਭੀਚ ਬਹੁ ਨਾਇਕ ਕੇ ਨਾਇਕਾ ਹੈਵ,
ਰੂਪ ਗੁਣ ਜੋਬਨ ਸ਼ੰਗਾਰ ਅਧੀਕਾਰੀ ਹੈ।
ਚਾਤਰ ਚਤਰ ਪਾਠ, ਸੇਵਕ ਸਹੇਲੀ ਸਾਠ,
ਸੁੰਪਦਾ ਸਮਗਰੀ ਸੁਖ ਸਹਿਜ ਸੁੰਚਾਰੀ ਹੈ।
ਸੁੰਦਰ ਮੰਦਰ ਸ਼ੁਭ ਲਗਨ ਸੰਜੋਗ ਭੋਗ,
ਜੀਵਨ ਜਨਮ ਧੀਨ ਪ੍ਰੀਤਮ ਪਿਆਰੈ ਹੈ॥ ”
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਬਾਰੇ ਦੂਜੀ ਸਾਖੀ ਮਿਹਰਬਾਨ ਲਿਖਦਾ ਹੈ। ਮਿਹਰਬਾਨ ਵਾਲੀ ਜਨਮਸਾਖੀ ਵਿਚ ਜਨਮ ਮਿਤੀ ਵਿਸਾਖ ਸ਼ੁਦੀ ਤੀਜ ਹੈ। ( ਭਾਈ ਕਾਨ੍ਹ ਸਿੰਘ ਨਾਭਾ ਵਾਲਿਆਂ ਦੇ ਮਹਾਨਕੋਸ਼ ਵਿਚ ਮਿਹਰਬਾਨ ਦੀ ਪਛਾਣ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਬਾਬਾ ਪ੍ਰਿਥੀਚੰਦ ਦੇ ਪੁੱਤਰ ਵਜੋਂ ਕੀਤੀ ਗਈ ਹੈ। “ਬਾਬਾ ਪ੍ਰਿਥੀਚੰਦ ਦਾ ਪੁੱਤਰ, ਜੋ ਦਿਵਾਨੇ ਭੇਖ ਦਾ ਮੁਖੀਆ ਹੋਇਆ, ਜਿਸ ਨੇ ਵੀ ਪਿਤਾ ਵਾਂਗ ਗੁਰੂ ਸਾਹਿਬ ਨਾਲ ਝਗੜਾ ਰੱਖਿਆ, ਅਰ ਇਕ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਲਿਖੀ , ਜਿਸ ਵਿਚ ਬਹੁਤ ਬਾਤਾਂ ਗੁਰਮਤ ਵਿਰੁਧ ਹਨ।“ ਇਥੇ ਹੀ ਵਸ ਨਹੀਂ ਮਿਹਰਬਾਨ ਨੇ ਆਪਣੇ ਆਪ ਨੂੰ ਗੁਰੂ ਕਹਾਉੁਣ ਦਾ ਵੀ ਯਤਨ ਕੀਤਾ ਹੈ
“ਦੀਨ ਦਿਯਾਲ ਸਰਨਿਕ ਸੂਰਾ॥ ਗੁਰੂ ਮਿਹਰਬਾਨੁ ਸਚੁ ਭਗਿਤ ਕਮਾਈ॥ ”
ਬਾਕੀ ਸਾਰੇ ਲੇਖਕ ਗੁਰੂ ਬਾਬੇ ਦਾ ਜਨਮ ਦਿਨ ਚਾਹੇ ਕੱਤਕ ਸੂਦੀ ਪੂਰਨਮਾਸ਼ੀ ਮੰਨਦੇ ਹਨ ਜਾਂ ਵਿਸਾਖ ਸ਼ੂਦੀ ਤੀਜ ਇਨ੍ਹਾਂ ਦੋ ਜਨਮ ਸਾਖੀਆਂ ਤੋਂ ਪ੍ਰਭਾਵਿਤ ਹੋ ਕੇ ਹੀ ਲਿਖਦੇ ਹਨ। ਇਹ ਮੰਨਣਾ ਗਲਤ ਨਹੀਂ ਹੋਵੇਗਾ ਕਿ ਭਾਈ ਗੁਰਦਾਸ ਤੋਂ ਪਹਿਲਾਂ ਕੋਈ ਜਨਮਸਾਖੀ ਜ਼ਰੂਰ ਮੌਜੂਦ ਹੋਵੇਗੀ, ਜਿਸ ਦੇ ਅਧਾਰ ‘ਤੇ ਭਾਈ ਗੁਰਦਾਸ ਨੇ ਆਪਣੀ ਵਾਰ ਵਿਚ ਗੁਰੂ ਨਾਨਕ ਸਾਹਿਬ ਦੀ ਜ਼ਿੰਦਗੀ ਦਾ ਏਬਾ ਤਫ਼ਸੀਲ ਨਾਲ ਬਿਆਨ ਕੀਤਾ ਹੋਇਆ ਹੈ।
ਪਹਿਲਾਂ ਕਰਮ ਸਿੰਘ ਹਿਸਟੋਰੀਅਨ ਦੀ ਗੱਲ ਕਰਦੇ ਹਾਂ। ਕਰਮ ਸਿੰਘ ਹਿਸਟੋਰੀਅਨ ਆਪਣੀ ਪੁਸਤਕ “ਕੱਤਕ ਜਾਂ ਵਿਸਾਖ ਦੇ ਅਖੀਰ ਵਿਚ ਲਿਖਦਾ ਹੈ “ਪਾਠਕ ਜੀ! ਜੋ ਕੁਝ ਮੈਂ ਕਹਿਣਾ ਸੀ, ਆਪ ਦੀ ਸੇਵਾ ਵਿਚ ਕਹਿ ਦਿੱਤਾ ਹੈ, ਆਸ਼ਾ ਹੈ ਕਿ ਆਪ ਜੀ ਨਿਰਪੱਖ ਹੋ ਕੇ ਇਸ ਲੇਖ ਨੂੰ ਦੇਖੋਗੇ ਅਤੇ ਵਿਚਾਰੋਗੇ ਕਿ ਇਸ ਵਿਚ ਕਿਥੋਂ ਤਕ ਸਚਾਈ ਹੈ। ਸਚ ਹੀ ਸਚ ਹੈ ਪਰ ਇਹ ਮੈਂ ਆਪ ਜੀ ਨੂੰ ਨਿਸ਼ਾਚਾ ਕਰਵਾਉਂਦਾ ਹਾਂ ਕਿ ਜੋ ਕੁਝ ਮੈਂ ਲਿਖਿਆ ਹੈ ਆਪਣੇ ਵਲੋਂ ਸੋਚ ਕੇ ਲਿਖਿਆ ਹੈ ਕਿਤੇ ਵੀ ਇਹ ਯਤਨ ਨਹੀਂ ਕੀਤਾ ਕਿ ਅਖਰਾਂ ਦੇ ਹੇਰ ਫੇਰ ਜਾਂ ਗਪਲ ਮੋਲ ਨਾਲ ਸਚੀ ਗੱਲ ਨੂੰ ਝੂਠੀ ਸਿੱਧ ਕਰਾਂ ਮੈਨੂੰ ਵਿਸਾਖ ਸੁਦੀ ਤੀਜ ਤੇ ਹਠ ਨਹੀਂ, ਕੱਤਕ ਪੂਰਨਮਾਸ਼ੀ ਨਾਲ ਵੈਰ ਨਹੀਂ, ਜਿਸ ਗੱਲ ਨੂੰ ਮੈਂ ਸੱਚ ਸਮਝਦਾ ਹਾਂ ਉਹੀ ਆਪ ਨੂੰ ਦੱਸੀ ਹੈ। ਆਸ਼ਾ ਹੈ ਕਿ ਆਪ ਵੀ ਪੱਖਪਾਤ ਤੋਂ ਰਹਿਤ ਹੋ ਕੇ ਨਿਰਪੱਖ ਵਿਚਾਰ ਕਰੋਗੇ।””
ਕਰਮ ਸਿੰਘ ਨੇ ਜੋਂ ਲਿਖ ਦਿੱਤਾ ਇਸ ਦਾ ਮਤਲਬ ਇਹ ਨਹੀਂ ਕਿ ਉਹ ਸੱਚ ਹੈ। ਅਸੀਂ ਵੀ ਖੋਜ ਕਰਨ ਦੀ ਬਜਾਏ ਲਿਖੀ ਲਿਖਾਈ ਗੱਲ ’ਤੇ ਮੋਹਰ ਲਗਾ ਦਿੱਤੀ ਹੈ ਕਿ ਚਲੋ ਕਰਮ ਸਿੰਘ ਹੁਰਾ ਸੱਚ ਹੀ ਲਿਖਿਆ ਹੈ।
ਭਾਈ ਸੰਤੋਖ ਸਿੰਘ ਗੁਰੂ ਨਾਨਕ ਸਾਹਿਬ ਬਾਰੇ ਲਿਖਦੇ ਹਨ ਕਿ
“ ਉਰਜ ਮਾਸ ਕੀ ਪੂਰਨਮਾਸ਼ੀ ਹਰਕੀਰਤ ਸੋ ਜੌਨ ਪਰਕਾਸ਼ੀ ॥ 20॥ ਸੰਬਤ ਨੌ ਖਟ ਸਹਸ ਛਬੀਸਾ ਭੋ ਅਵਤਾਰ ਪਰਗਟ ਜਗਦੀਸਾ”।
ਅਰਥ, ਸੰਮਤ 1526 ਬਿਕ੍ਰਮੀ ਕੱਤਕ ਸ਼ੁਦੀ ਪੂਰਨਮਾਸ਼ੀ ਵਾਲੇ ਦਿਨ ਸਤਗੁਰਾਂ ਨੇ ਅਵਤਾਰ ਧਾਰਿਆ।
ਉਸ ਤੋਂ ਅਗਲੀ ਲਾਈਨ ਹੈ
“ਭਯੋ ਅਚਾਨਕ ਸਭਿਨਿ ਉਛਾਹਾ॥ 7॥ ਸੰਮਤ ਸੱਤਰ ਪਛਾਨ ਪੰਚ ਮਾਸ ਬੀਤੇ ਬਹੁਰ ਸਪਤ ਦਿਨ ਪਰਵਾਨ ॥
ਪਾਤਸ਼ਾਹੀ ਸਰੀ ਪਰਭ ਕਰੀ॥ 90॥ ਸੰਮਤ ਪੰਦਰਾ ਸੈ ਅਧਕ ਛਨਵਾ ਅਸੂਜ ਵਦੀ ਦਸਵੀਂ ਵਿਖੈ ਸਚਖੰਡ ਪਰਸਥਾਨ॥
ਭਾਵ, ਭਾਈ ਸੰਤੋਖ ਸਿੰਘ ਜੀ ਗੁਰੂ ਮਹਾਰਾਜ ਦੇ ਜੋਤੀ ਜੋਤ ਸਮਾਉਣ ਦਾ ਜਿਕਰ ਕਰਦੇ ਹੋਏ ਲਿਖਦੇ ਹਨ ਸੰਮਤ ਸੱਤਰ ਪਛਾਨ। ਪਛਾਨ ਅਤੇ ਉਸਤੋਂ ਅਗੇ ਪ੍ਰਵਾਨ ਸ਼ਬਦ ਦੀ ਵਰਤੋਂ ਕਰਦੇ ਹਨ। ਪਛਾਨ ਸ਼ਬਦ ਦੀ ਵਰਤੋਂ ਕਰਕੇ ਭਾਈ ਸਾਹਿਬ ਬਾਬੇ ਨਾਨਕ ਜੀ ਦੀ ਆਯੂ ਦਾ ਸਤਰਵਾਂ ਸਾਲ ਚਲ ਰਿਹਾ ਆਖਦੇ ਹਨ। ਅਗੋਂ ਆਖਦੇ ਹਨ ਸਪਤ ਦਿਨ ਪਰਵਾਨ ਨਾਲ ਸਤ ਦਿਨਾਂ ਤੇ ਮੋਹਰ ਲਾ ਦਿੰਦੇ ਹਨ। ਇਸ ਤਰ੍ਹਾਂ ਭਾਈ ਸਾਹਿਬ ਦਸ ਰਹੇ ਹਨ ਕਿ ਬਾਬਾ ਜੀ ਦੀ ਆਯੂ ਦਾ ਸਤਰਵਾਂ ਸਾਲ ਚਲ ਰਿਹਾ ਸੀ ਕਿ ਪੰਜ ਮਹੀਨੇ ਸਤ ਦਿਨ ਬੀਤਿਆਂ ਬਾਬਾ ਨਾਨਕ ਜੀ ਜੋਤੀ ਜੋਤ ਸਮਾਂ ਗਏ ।