ਫਿਰੋਜ਼ਪੁਰ ਵਿੱਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ ਹਾਲਾਤ ਦਿਨ ਬ ਦਿਨ ਬੱਦ ਤੋਂ ਬੱਤਰ ਬਣਦੇ ਜਾ ਰਹੇ ਹਨ। ਕਿਉਂਕਿ ਚੋਰਾਂ ਅਤੇ ਲੁਟੇਰਿਆਂ ਵੱਲੋਂ ਲਗਾਤਾਰ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।
ਹੁਣ ਤਾਂ ਚੋਰਾਂ ਨੇ ਬਿਲਕੁੱਲ ਸ਼ਰਮ ਹੀ ਲਾਹ ਦਿੱਤੀ ਹੈ। ਜੋ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਨ੍ਹਾਂ ਨੂੰ ਦੇਖ ਤੁਸੀਂ ਵੀ ਹੈਰਾਨ ਰਹਿ ਜਾਓਗੇ ਜਿਸ ਵਿੱਚ ਚੋਰ ਇੱਕ ਕਰਿਆਨੇ ਦੀ ਦੁਕਾਨ ਦੇ ਬਾਹਰੋਂ ਝਾੜੂ ਚੁੱਕ ਹੀ ਫਰਾਰ ਹੋ ਗਏ ਜਿਸਦੀ ਪੂਰੀ ਘਟਨਾ CCTV ਕੈਮਰੇ ਵਿੱਚ ਕੈਦ ਹੋ ਚੁੱਕੀ ਹੈ।
ਫਿਰੋਜ਼ਪੁਰ ਅੰਦਰ ਇੱਕ ਪਾਸੇ ਪੁਲਿਸ ਸੁਰੱਖਿਆ ਦੇ ਦਾਅਵੇ ਕਰ ਰਹੀ ਹੈ ਅਤੇ ਦੂਸਰੇ ਪਾਸੇ ਚੋਰੀ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਤਾਜੀ ਘਟਨਾ ਫਿਰੋਜ਼ਪੁਰ ਦੀ ਧਵਨ ਕਲੌਨੀ ਵਿੱਚ ਵਾਪਰੀ ਹੈ।
ਜਿਥੇ ਦੋ ਮੋਟਰਸਾਈਕਲ ਸਵਾਰ ਚੋਰਾਂ ਨੇ ਇੱਕ ਕਰਿਆਨੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਹੈ। ਜਿਥੋਂ ਚੋਰ ਦਿਨ ਦਿਹਾੜੇ ਝਾੜੂ ਚੁੱਕ ਫਰਾਰ ਹੋ ਗਏ ਹਨ। ਜਾਣਕਾਰੀ ਦਿੰਦਿਆਂ ਦੁਕਾਨਦਾਰ ਅਮਿਤ ਨੇ ਦੱਸਿਆ ਕਿ ਦੁਪਹਿਰ ਦੇ ਸਮੇਂ ਦੋ ਚੋਰ ਮੋਟਰਸਾਈਕਲ ਤੇ ਸਵਾਰ ਹੋਕੇ ਆਏ ਅਤੇ ਦੁਕਾਨ ਦੇ ਬਾਹਰੋਂ ਝਾੜੂਆਂ ਦਾ ਬੰਡਲ ਚੁੱਕ ਫਰਾਰ ਹੋ ਗਏ।
ਜਿਨ੍ਹਾਂ ਦਾ ਉਸਨੇ ਪਿੱਛਾ ਕੀਤਾ ਪਰ ਚੋਰ ਭੱਜਣ ਵਿੱਚ ਕਾਮਯਾਬ ਰਹੇ। ਉਥੇ ਹੀ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਵੀ ਪੁਲਿਸ ਸੁਰੱਖਿਆ ਤੇ ਵੱਡੇ ਸਵਾਲ ਚੁੱਕੇ ਗਏ। ਅਤੇ ਮੰਗ ਕੀਤੀ ਗਈ ਕਿ ਇਹਨਾਂ ਚੋਰੀ ਦੀਆਂ ਵਾਰਦਾਤਾਂ ਤੇ ਪੁਲਿਸ ਨੂੰ ਰੋਕ ਲਗਾਉਣੀ ਚਾਹੀਦੀ ਹੈ।