Switzerland Burqa Ban: ਭਾਰਤ ‘ਚ ਹਿਜਾਬ ‘ਤੇ ਪਾਬੰਦੀ ਨੂੰ ਲੈ ਕੇ ਵਿਵਾਦ ਆਪਣੇ ਸਿਖਰ ‘ਤੇ ਹੈ। ਇਸ ਮੁੱਦੇ ‘ਤੇ ਸੁਪਰੀਮ ਕੋਰਟ ਦੇ ਦੋ ਜੱਜਾਂ ਦੇ ਬੈਂਚ ਦਾ ਫੈਸਲਾ ਵੀ ਵੱਖਰਾ ਸੀ। ਹੁਣ ਸੁਪਰੀਮ ਕੋਰਟ ਦਾ ਵੱਡਾ ਬੈਂਚ ਇਸ ਮਾਮਲੇ ਦੀ ਸੁਣਵਾਈ ਕਰੇਗਾ। ਇਸ ਦੌਰਾਨ ਸਵਿਟਜ਼ਰਲੈਂਡ ਤੋਂ ਵੱਡੀ ਖ਼ਬਰ ਆ ਰਹੀ ਹੈ। ਦਰਅਸਲ ਸਵਿਸ ਸਰਕਾਰ ਨੇ ਬੁੱਧਵਾਰ ਨੂੰ ਆਪਣੀ ਸੰਸਦ ਵਿੱਚ ਇੱਕ ਖਰੜਾ ਪੇਸ਼ ਕੀਤਾ। ਇਸ ‘ਚ ਦੇਸ਼ ‘ਚ ‘ਬੁਰਕਾ’ ਪਹਿਨਣ ‘ਤੇ ਪਾਬੰਦੀ (Burqa Ban) ਲਗਾਉਣ ਦੀ ਗੱਲ ਕਹੀ ਗਈ ਹੈ। ਅਜਿਹਾ ਨਾ ਕਰਨ ‘ਤੇ 1,000 ਸਵਿਸ ਫ੍ਰੈਂਕ (1000 Swiss francs) ਲਗਪਗ 82,000 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ।
ਪਿਛਲੇ ਸਾਲ ਵੀ ‘ਬੁਰਕਾ’ ‘ਤੇ ਲਗਾਈ ਗਈ ਸੀ ਪਾਬੰਦੀ
ਵੈੱਬਸਾਈਟ ਅਲ-ਅਰਬੀਆ ਮੁਤਾਬਕ ਜਨਤਕ ਥਾਵਾਂ ‘ਤੇ ਚਿਹਰਾ ਢੱਕਣ ‘ਤੇ ਪਾਬੰਦੀ ਲਗਾਉਣ ਦੇ ਪ੍ਰਸਤਾਵ ਨੂੰ ਪਿਛਲੇ ਸਾਲ ਜਨਮਤ ਸੰਗ੍ਰਹਿ ਰਾਹੀਂ ਸਵੀਕਾਰ ਕੀਤਾ ਗਿਆ ਸੀ। ਸਵਿਸ ਸਰਕਾਰ ਨੇ ਹੁਣ ਇਸ ਪਾਬੰਦੀ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਇੱਕ ਖਰੜਾ ਕਾਨੂੰਨ ਸੰਸਦ ਨੂੰ ਭੇਜਿਆ ਹੈ। ਹਾਲਾਂਕਿ ਅਜਿਹੇ ਹੁਕਮਾਂ ਦਾ ਵਿਰੋਧ ਵੀ ਹੋਇਆ ਹੈ।
ਇਸ ਕਾਨੂੰਨ ‘ਚ ਕਈ ਛੋਟਾਂ ਵੀ ਦਿੱਤੀਆਂ ਗਈਆਂ ਹਨ ਜਿਸ ਤਹਿਤ ਕੂਟਨੀਤਕ ਕੰਪਲੈਕਸਾਂ, ਪੂਜਾ ਸਥਾਨਾਂ ਅਤੇ ਹਵਾਈ ਜਹਾਜ਼ਾਂ ‘ਚ ਚਿਹਰਾ ਢੱਕਣ ‘ਤੇ ਪਾਬੰਦੀ ਨਾਲ ਸਬੰਧਤ ਨਿਯਮ ਲਾਗੂ ਨਹੀਂ ਹੋਣਗੇ। ਹਾਲਾਂਕਿ, ਸਿਹਤ, ਸੁਰੱਖਿਆ, ਮੌਸਮੀ ਸਥਿਤੀਆਂ ਅਤੇ ਸਥਾਨਕ ਰੀਤੀ-ਰਿਵਾਜਾਂ ਨਾਲ ਸਬੰਧਤ ਕਾਰਨਾਂ ਕਰਕੇ, ਚਿਹਰਾ ਢੱਕਣਾ ਕਾਨੂੰਨੀ ਹੋਵੇਗਾ। ਇੰਨਾ ਹੀ ਨਹੀਂ ਇਸ ਵਿੱਚ ਕਲਾ ਦੇ ਪ੍ਰਦਰਸ਼ਨ ਅਤੇ ਇਸ਼ਤਿਹਾਰਬਾਜ਼ੀ ਨੂੰ ਵੀ ਛੋਟ ਦਿੱਤੀ ਗਈ ਹੈ।
ਦੱਸ ਦੇਈਏ ਕਿ ਸਵਿਟਜ਼ਰਲੈਂਡ ਦੀ ਕੁੱਲ ਆਬਾਦੀ ਦਾ 5% ਮੁਸਲਮਾਨ ਹੈ, ਜਿਨ੍ਹਾਂ ਚੋਂ ਬਹੁਤ ਸਾਰੇ ਤੁਰਕੀ ਅਤੇ ਬਾਲਕਨ ਰਾਜਾਂ ਦੇ ਹਨ। ਜਨਤਕ ਥਾਵਾਂ ‘ਤੇ ਚਿਹਰਾ ਢੱਕਣ ‘ਤੇ ਪਾਬੰਦੀ ਲਗਾਉਣ ਦੇ ਪ੍ਰਸਤਾਵ ਨੂੰ 2021 ‘ਚ ਹੋਏ ਜਨਮਤ ਸੰਗ੍ਰਹਿ ‘ਚ ਮਨਜ਼ੂਰੀ ਦਿੱਤੀ ਗਈ ਸੀ। ਇਸ ਤੋਂ ਪਹਿਲਾਂ 7 ਮਾਰਚ 2021 ਨੂੰ ਸਵਿਟਜ਼ਰਲੈਂਡ ਨੇ ਜਨਤਕ ਥਾਵਾਂ ‘ਤੇ ਚਿਹਰਾ ਢੱਕਣ ‘ਤੇ ਪਾਬੰਦੀ ਲਗਾਉਣ ਦੇ ਪ੍ਰਸਤਾਵ ‘ਤੇ ਵੋਟਿੰਗ ਕੀਤੀ ਸੀ।