ਤੜਕਸਾਰ ਹੀ ਇੱਕ ਬੇਹੱਦ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਦੱਸ ਦੇਈਏ ਕਿ ਅੰਮ੍ਰਿਤਸਰ ਤੋਂ ਬਿਹਾਰ ਦੇ ਸਹਰਸਾ ਜਾ ਰਹੀ ਗਰੀਬ ਰਥ ਐਕਸਪ੍ਰੈਸ ਨੂੰ ਸ਼ਨੀਵਾਰ ਸਵੇਰੇ ਅਚਾਨਕ ਅੱਗ ਲੱਗ ਗਈ। ਇਸ ਅੱਗ ਵਿੱਚ ਟ੍ਰੇਨ ਦੇ 3 ਡੱਬੇ ਸੜ ਗਏ। ਖੁਸ਼ਕਿਸਮਤੀ ਨਾਲ, ਸਾਰੇ ਯਾਤਰੀਆਂ ਨੂੰ ਸਮੇਂ ਸਿਰ ਬਾਹਰ ਕੱਢ ਲਿਆ ਗਿਆ, ਜਿਸ ਕਾਰਨ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਜਾਣਕਾਰੀ ਅਨੁਸਾਰ, ਸਰਹਿੰਦ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਣ ਅਤੇ ਅੰਬਾਲਾ ਵੱਲ ਅੱਧਾ ਕਿਲੋਮੀਟਰ ਚੱਲਣ ਤੋਂ ਬਾਅਦ, ਅਚਾਨਕ ਇੱਕ ਡੱਬੇ ਵਿੱਚ ਅੱਗ ਲੱਗ ਗਈ ਅਤੇ ਇਸਦਾ ਧੂੰਆਂ ਸਾਰੇ ਡੱਬਿਆਂ ਵਿੱਚ ਫੈਲਣਾ ਸ਼ੁਰੂ ਹੋ ਗਿਆ। ਟ੍ਰੇਨ ਦੇ ਇੱਕ ਡੱਬੇ ਵਿੱਚੋਂ ਧੂੰਆਂ ਨਿਕਲਣ ‘ਤੇ ਟ੍ਰੇਨ ਨੂੰ ਰੋਕ ਦਿੱਤਾ ਗਿਆ। ਕੁਝ ਹੀ ਸਮੇਂ ਵਿੱਚ ਅੱਗ 3 ਡੱਬਿਆਂ ਵਿੱਚ ਫੈਲ ਗਈ।
ਹਾਲਾਂਕਿ, ਸਮੇਂ ਸਿਰ ਸਾਰੇ ਡੱਬਿਆਂ ਤੋਂ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਹਾਦਸੇ ਵਿੱਚ ਕੋਈ ਵੀ ਯਾਤਰੀ ਜ਼ਖਮੀ ਨਹੀਂ ਹੋਇਆ। ਸਿਰਫ਼ ਤਿੰਨ ਡੱਬੇ ਸੜ ਗਏ।
ਅੱਗ ਲੱਗਣ ਬਾਰੇ ਸਰਹਿੰਦ ਜੀਆਰਪੀ ਦੇ ਐਸਐਚਓ ਰਤਨ ਲਾਲ ਨੇ ਕਿਹਾ ਕਿ ਰੇਲਗੱਡੀ ਦੇ ਇੱਕ ਡੱਬੇ ਵਿੱਚੋਂ ਧੂੰਆਂ ਨਿਕਲਦਾ ਦੇਖਿਆ ਗਿਆ, ਜਿਸ ਤੋਂ ਬਾਅਦ ਰੇਲਗੱਡੀ ਨੂੰ ਰੋਕ ਦਿੱਤਾ ਗਿਆ। ਯਾਤਰੀਆਂ ਨੂੰ ਸਮੇਂ ਸਿਰ ਬਾਹਰ ਕੱਢ ਲਿਆ ਗਿਆ। ਕੋਈ ਸੱਟ ਨਹੀਂ ਲੱਗੀ। ਅੱਗ ਵਿੱਚ ਤਿੰਨ ਡੱਬੇ ਨੁਕਸਾਨੇ ਗਏ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਜਾਂਚ ਤੋਂ ਬਾਅਦ ਲਗਾਇਆ ਜਾਵੇਗਾ।