ਤਖ਼ਤ ਸ੍ਰੀ ਹੁਜ਼ੂਰ ਸਾਹਿਬ, ਨਾਂਦੇੜ ਵਿਖੇ 24 ਅਤੇ 25 ਜਨਵਰੀ ਨੂੰ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦੁਰ ਜੀ ਦਾ 350 ਸਾਲਾ ਸ਼ਹੀਦੀ ਸਮਾਗਮ ਬੜੀ ਹੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਦੱਸ ਦੇਈਏ ਕਿ ਮਹਾਂਰਾਸ਼ਟਰ ਸਰਕਾਰ ਅਤੇ ਤਖ਼ਤ ਸ੍ਰੀ ਹੁਜ਼ੂਰ ਸਾਹਿਬ ਬੋਰਡ ਵੱਲੋਂ ਕਰਵਾਏ ਜਾ ਰਹੇ ਇਸ ਸਮਾਗਮ ਵਿਚ ਪੰਜਾਬ ਅਤੇ ਮਹਾਂਰਾਸ਼ਟਰ ਦੀਆਂ ਸੰਗਤਾਂ ਦੇ ਨਾਲ-ਨਾਲ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਦਰਸ਼ਨਾਂ ਲਈ ਪਹੁੰਚ ਰਹੇ ਹਨ।

ਇਸਦੇ ਨਾਲ ਹੀ ਦੱਸ ਦੇਈਏ ਕਿ ਦੇਸ਼ ਭਰ ਤੋਂ ਵੱਡੇ ਸਿਆਸੀ ਆਗੂ ਵੀ ਗੁਰੂ ਸਾਹਿਬ ਦੇ ਚਰਨਾਂ ‘ਚ ਨਤਮਸਤਕ ਹੋਣ ਲਈ ਪਹੁੰਚ ਰਹੇ ਹਨ। ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਮਾਗਮ ਵਿੱਚ ਪਹੁੰਚ ਰਹੇ ਹਨ ਤੇ ਉਨ੍ਹਾਂਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਗੁਰੂ ਚਰਨਾਂ ‘ਚ ਸੀਸ ਝੁਕਾਉਣ ਪਹੁੰਚੇ ਹਨ ।

ਮਹਾਂਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਆਨਾਥ ਅਤੇ ਹੋਰ ਵੱਡੇ ਸਿਆਸੀ ਆਗੂ ਵੀ ਇਸ ਸਮਾਗਮ ਦਾ ਹਿੱਸਾ ਬਣਨਗੇ। ਸਿਆਸੀ ਆਗੂਆਂ ਤੋਂ ਇਲਾਵਾ ਤਖ਼ਤ ਸ੍ਰੀ ਹੁਜ਼ੂਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਸੰਤ ਬਾਬਾ ਕੁਲਵੰਤ ਸਿੰਘ ਮੇਜ਼ਬਾਨ ਅਤੇ ਮੁੱਖ ਸੇਵਾਦਾਰ ਦੇ ਤੌਰ ਤੇ ਮੌਜੂਦ ਹਨ।
ਇਸ ਦੇ ਨਾਲ ਹੀ ਜੇ ਹੋਰ ਧਾਰਮਿਕ ਆਗੂਆਂ ਦੀ ਗੱਲ ਕਰੀਏ ਤਾਂ ਪੰਥ ਦੀ ਵੱਡੀ ਸਖਸ਼ੀਅਤ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਵੀ ਐਥੇ ਖ਼ਾਸ ਤੌਰ ਤੇ ਸ਼ਿਰਕਤ ਕਰ ਰਹੇ ਹਨ।

ਇਸ ਦੇ ਨਾਲ ਹੀ ਦੱਸ ਦੇਈਏ ਕਿ ਨਾਂਦੇੜ ਵਿਖੇ ਤਖ਼ਤ ਸ੍ਰੀ ਹੁਜ਼ੂਰ ਸਾਹਿਬ ਬੋਰਡ ਅਤੇ ਮਹਾਂਰਾਸ਼ਟਰ ਸਰਕਾਰ ਵਲੋਂ ਸੰਗਤਾਂ ਦੇ ਵੱਡੇ ਇਕੱਠ ਨੂੰ ਵੇਖਦਿਆਂ ਸੰਗਤਾਂ ਦੀ ਸਹੁਲੀਅਤ ਲਈ ਹਰ ਤਰ੍ਹਾਂ ਦੇ ਇੰਤਜ਼ਾਮ ਵੱਡੇ ਪੱਧਰ ਤੇ ਕੀਤੇ ਗਏ ਹਨ।







