ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਕਸਟਮ ਵਿਭਾਗ ਅਤੇ ਇੱਕ ਨਿੱਜੀ ਸ਼ਿਪਿੰਗ ਕੰਪਨੀ ਦੀ ਆਲੋਚਨਾ ਕਰਦੇ ਹੋਏ ਇੱਕ ਹੁਕਮ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਲੁਧਿਆਣਾ ਦੇ ਇੱਕ ਫਲ ਵਪਾਰੀ ਨੂੰ 50 ਲੱਖ ਰੁਪਏ ਦਾ ਮੁਆਵਜ਼ਾ ਦੇਣਾ ਪਏਗਾ।
ਦੱਸ ਦੇਈਏ ਕਿ ਲੁਧਿਆਣਾ ਦੇ ਇੱਕ ਵਪਾਰੀ ਦੀ ਲੱਖਾਂ ਰੁਪਏ ਦੇ ਫਲਾਂ ਦੀ ਖੇਪ ਸੜ ਗਈ ਜਿਸ ਲਈ ਉਸਨੇ ਕੋਰਟ ਵਿੱਚ ਪਟੀਸ਼ਨ ਪਾਈ ਸੀ। ਇਸੇ ਮਾਮਲੇ ਦੇ ਤਹਿਤ ਕੋਰਟ ਨੇ ਇਹ ਹੁਕਮ ਜਾਰੀ ਕੀਤਾ ਹੈ।
ਜਾਣਕਾਰੀ ਅਨੁਸਾਰ ਪਟੀਸ਼ਨਕਰਤਾ ਨੂੰ 2023 ਵਿੱਚ ਚਿਲੀ ਤੋਂ ਦੁਬਈ ਰਾਹੀਂ ਆਯਾਤ ਕੀਤੀ ਗਈ 89,420 ਕਿਲੋਗ੍ਰਾਮ ਭਾਰ ਵਾਲੀ ਕੀਵੀ ਖੇਪ ਤਿੰਨ ਮਹੀਨਿਆਂ ਦੀ ਦੇਰੀ ਕਾਰਨ ਖਤਮ ਹੋਣ ਤੋਂ ਬਾਅਦ ਭਾਰੀ ਨੁਕਸਾਨ ਝੱਲਣਾ ਪਿਆ ਸੀ।
ਦੱਸ ਦੇਈਏ ਕਿ ਅਪ੍ਰੈਲ 2023 ਵਿੱਚ, ਇੱਕ ਕੰਪਨੀ ਨੇ ਦੁਬਈ ਤੋਂ ਨਾਸ਼ਵਾਨ ਕੀਵੀ ਫਲਾਂ ਦੀ ਇੱਕ ਖੇਪ ਆਯਾਤ ਕੀਤੀ ਸੀ ਜੋ ਲੁਧਿਆਣਾ ਦੇ ਇਨਲੈਂਡ ਕੰਟੇਨਰ ਡਿਪੂ (ICD) ਵਿੱਚ ਲਿਜਾਈ ਜਾਣੀ ਸੀ।
ਪਰ ਫਲ, ਜਿਸਦੀ ਕੀਮਤ $80,478 (ਲਗਭਗ 66 ਲੱਖ ਰੁਪਏ) ਸੀ, ਤਿੰਨ ਮਹੀਨਿਆਂ ਤੋਂ ਵੱਧ ਸਮੇਂ ਤੱਕ ਮੁੰਦਰਾ ਬੰਦਰਗਾਹ ‘ਤੇ ਹੀ ਫਸਿਆ ਰਿਹਾ ਅਤੇ ਸੜ ਗਿਆ ਜਿਸਦਾ ਕਾਰਨ ਸੀ ਕਿ ਕਸਟਮ ਵਿਭਾਗ ਨੇ ਮੈਨੂਅਲ ਬਿੱਲ ਆਫ਼ ਐਂਟਰੀ ਜਮ੍ਹਾਂ ਕਰਾਉਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਬਾਰ ਐਂਡ ਬੈਂਚ ਦੇ ਅਨੁਸਾਰ, ਸਹੀ ਮੰਜ਼ਿਲ ਨੂੰ ਦਰਸਾਉਣ ਲਈ ਇੰਪੋਰਟ ਜਨਰਲ ਮੈਨੀਫੈਸਟ (IGM) ਨੂੰ ਅਪਡੇਟ ਕਰਨ ਵਿੱਚ ਅਸਫਲ ਰਿਹਾ ਸੀ।