ਪਹਿਲੇ ਸਮਿਆਂ ਵਿੱਚ ਬਹੁਤ ਕਿਸਮ ਦੇ ਵਰਤ ਰੱਖੇ ਜਾਂਦੇ ਸਨ। ਕਰਵਾ ਚੌਥ ਦਾ ਵਰਤ ਰੱਖਣ ਦਾ ਬਹੁਤ ਰਿਵਾਜ ਬਹੁਤ ਅਹਿਮ ਹੁੰਦਾ ਸੀ। ਕਰਵਾ ਚੌਥ ਦਾ ਵਰਤ ਝੱਕਰੀਆਂ ਦੇ ਵਰਤ ਤੋਂ ਚਾਰ ਦਿਨ ਪਹਿਲਾਂ ਚੌਥ ਵਾਲੇ ਦਿਨ ਰੱਖਿਆ ਜਾਂਦਾ ਸੀ। ਇਹ ਵਰਤ ਸੁਹਾਗਣਾਂ ਆਪਣੇ ਪਤੀ ਦੇਵ ਦੀ ਚੰਗੀ ਸਿਹਤ ਲਈ ਅਤੇ ਚਿਰ ਜਿਊਣ ਦੀ ਕਾਮਨਾ ਕਰਨ ਲਈ ਰੱਖਦੀਆਂ ਸਨ। ਸੁਹਾਗਣਾਂ ਇਸ ਵਰਤ ਦਾ ਆਗਾਜ਼ ਸਵੇਰੇ ਮੂੰਹ ਹਨੇਰੇ ਉੱਠ ਕੇ ਨਹਾ ਧੋ ਕੇ, ਸੋਹਣੇ ਸੂਟ ਪਾ ਕੇ ਅਤੇ ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਤਾਰਿਆਂ ਦੀ ਛਾਂਵੇਂ ਸਰਘੀ ਖਾ ਕੇ ਕਰਦੀਆਂ ਸਨ। ਸਰਘੀ ਵਿੱਚ ਮਿੱਠੀਆਂ ਰੋਟੀ, ਚੂਰੀ ਅਤੇ ਕੁਝ ਫਲ ਹੁੰਦੇ ਸਨ। ਸਰਘੀ ਖਾਣ ਉਪਰੰਤ ਫਿਰ ਦਿਨ ਵਿੱਚ ਕੁਝ ਨਹੀਂ ਖਾਣਾ ਹੁੰਦਾ ਸੀ।
ਇੱਥੋਂ ਤਕ ਕਿ ਪਾਣੀ ਦਾ ਘੁੱਟ ਵੀ ਨਹੀਂ ਸੀ ਪੀਤਾ ਜਾਂਦਾ। ਵਰਤ ਰੱਖਣ ਵਾਲੀਆਂ ਅੌਰਤਾਂ ਸ਼ਾਮ ਨੂੰ ਬ੍ਰਾਹਮਣ ਤੋਂ ਵਰਤ ਸਬੰਧੀ ਕਥਾ ਸੁਣਨ ਜਾਂਦੀਆਂ ਸਨ। ਕਥਾ ਸੁਣਨ ਤੋਂ ਬਾਅਦ ਸਾਰੀਆਂ ਅੌਰਤਾਂ ਹਾਰ-ਸ਼ਿੰਗਾਰ ਲਗਾ ਕੇ ਸੱਜ-ਵਿਆਹੀਆਂ ਵਾਂਗ ਸੱਜ-ਧੱਜ ਕੇ ਕੋਠਿਆਂ ਉੱਤੇ ਚੜ੍ਹਦੀਆਂ ਅਤੇ ਵਦੀ ਚੌਥ ਦੇ ਚੰਨ ਦਾ ਚੜ੍ਹਾ ਉਡੀਕਦੀਆਂ ਸਨ। ਇਸ ਦਿਨ ਕਰੂਏ (ਇੱਕ ਮਿੱਟੀ ਦੇ ਭਾਂਡੇ ਦਾ ਨਾਂ ਹੈ) ਦੀ ਪੂਜਾ ਕੀਤੀ ਜਾਂਦੀ ਸੀ। ਇਸ ਵਿੱਚ ਪਾਣੀ ਭਰਿਆ ਜਾਂਦਾ ਸੀ। ਜਦੋਂ ਚੰਦ ਨਿਕਲ ਆਉਂਦਾ ਸੀ, ਉਸ ਸਮੇਂ ਚੰਦ ਨੂੰ ਕਰੂਏ ਵਿੱਚ ਪਾਏ ਪਾਣੀ ਅਤੇ ਹੋਰ ਪਦਾਰਥਾਂ ਦਾ ਅਰਗ ਦਿੱਤਾ ਜਾਂਦਾ ਸੀ। ਤੀਵੀਆਂ ਛਾਨਣੀ ਥਾਂਈ ਚੰਦਰਮਾ ਵੇਖਦੀਆਂ ਸਨ ਤੇ ਆਪਣੇ ਪਤੀ ਦੀ ਲੰਮੀ ਉਮਰ ਦੀ ਅਰਦਾਸ ਕਰਦੀਆਂ ਸਨ,
ਇਸ ਮੌਕੇ ਗੀਤ ਗਾਏ ਜਾਂਦੇ ਸਨ- ਸੁਣ ਭੈਣ ਵੀਰਾਂ ਚੰਨ ਚੜ੍ਹੇ ’ਤੇ ਪਾਣੀ ਪੀਣਾ ਸੁੱਤੇ ਨੂੰ ਜਗਾਈਂ ਨਾ ਵਿਹੜੇ ਪੈਰ ਪਾਈਂ ਨਾ ਰੁੱਠੜਾ ਮਨਾਈ ਨਾ ਘੁੰਮ ਚਰਖੜਾ ਫੇਰੀਂ ਨਾ ਕੱਤਿਆ ਅਟੇਰੀ ਨਾ ਸੁੱਤੇ ਨੂੰ ਜਗਾਈ ਨਾ ਕਰਵਾ ਚੌਥ ਦੇ ਵਰਤ ਦੀ ਕਥਾ ਪਿੱਛੋਂ ਕੋਈ ਮਿੱਠੀ ਚੀਜ਼ ਖਾ ਕੇ ਸੁਹਾਗਣਾਂ ਆਪਣਾ ਵਰਤ ਖੋਲ੍ਹੀਆਂ ਸਨ। ਵਿਆਹੀਆਂ ਹੋਈਆਂ ਕੁੜੀਆਂ ਦੇ ਵੀਰ ਕਰਵਾ ਚੌਥ ਦੇ ਵਰਤਾਂ ਲਈ ਗੱਡੀ ਜੋੜ ਕੇ ਸਹੁਰਿਆਂ ਤੋਂ ਪੇਕੇ ਲੈਣ ਜਾਂਦੇ ਸਨ- ਗੱਡੀ ਜੋੜ ਕੇ ਆਈਂ ਵੇ ਵੀਰਾ ਕਰੂਏ ਦੇ ਵਰਤਾਂ ਨੂੰ ਜੇਕਰ ਕਿਸੇ ਕੰਮ ਧੰਦੇ ਵਿੱਚ ਫਸਿਆ ਹੋਇਆ ਵੀਰ ਕਰਵਾ ਚੌਥ ਦੇ ਵਰਤਾਂ ਨੂੰ ਭੈਣ ਨੂੰ ਲਿਆਉਣ ਤੋਂ ਖੁੰਝ ਜਾਂਦਾ ਸੀ ਅਤੇ ਬਾਅਦ ਵਿੱਚ ਭੈਣ ਕੋਲ ਜਾਂਦਾ ਸੀ ਤਾਂ ਉਸ ਨੂੰ ਭੈਣ ਦੇ ਤੱਤੇ ਬੋਲ ਸੁਣਨੇ ਪੈਂਦੇ ਸਨ- ਕਾਹਨੂੰ ਆਇਆ ਵੇ ਬੇਸ਼ਰਮਾ ਵੀਰਾ ਕਰੂਏ ਦੇ ਵਰਤ ਗਏ ਪਿੰਡਾਂ ਵਿੱਚ ਹੁਣ ਕੋਈ ਟਾਂਵਾਂ–ਟਾਂਵਾਂ ਘਰ ਹੀ ਕਰਵਾ ਚੌਥ ਦੇ ਵਰਤ ਰੱਖਦਾ ਹੈ। ਸ਼ਹਿਰਾਂ ਵਿੱਚ ਅਜੇ ਵੀ ਹਿੰਦੂ ਵਰਗ ਨਾਲ ਸਬੰਧਿਤ ਘਰਾਂ ਵਿੱਚ ਵਰਤ ਰੱਖਣ ਦਾ ਰਿਵਾਜ ਚੱਲ ਰਿਹਾ ਹੈ ਪਰ ਉੱਥੇ ਵੀ ਹੁਣ ਇਹ ਦਿਨੋਂ ਦਿਨ ਘਟਦਾ ਜਾ ਰਿਹਾ ਹੈ।