ਦਿੱਲੀ ’ਚ ਆਮ ਆਦਮੀ ਪਾਰਟੀ ਅਤੇ ਉੱਪ ਰਾਜਪਾਲ ਵਿਨੇ ਸਕਸੈਨਾ ਵਿਚਾਲੇ ਤਕਰਾਰ ਵੱਧਦੀ ਜਾ ਰਹੀ ਹੈ। ਦਿੱਲੀ ’ਚ ਸ਼ਰਾਬ ਨੀਤੀ ’ਚ ਕਥਿਤ ਤੌਰ ’ਤੇ ਭ੍ਰਿਸ਼ਟਾਚਾਰ ਨੂੰ ਲੈ ਕੇ ਚੱਲ ਰਹੇ ਸਿਆਸੀ ਘਮਾਸਾਨ ਵਿਚਾਲੇ ਉੱਪ ਰਾਜਪਾਲ ਸਕਸੈਨਾ ਨੇ ਕਿਹਾ ਕਿ ਉਹ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਨੇਤਾਵਾਂ ’ਤੇ ਮਾਣਹਾਨੀ ਦਾ ਮੁਕੱਦਮਾ ਕਰਨਗੇ।
ਇਨ੍ਹਾਂ ਨੇਤਾਵਾਂ ਖ਼ਿਲਾਫ਼ ਕਰਨਗੇ ਮੁਕੱਦਮਾ-
ਸਕਸੈਨਾ ਦੇ ਦਫ਼ਤਰ ਵਲੋਂ ਬੁੱਧਵਾਰ ਨੂੰ ਜਾਰੀ ਇਕ ਬਿਆਨ ਮੁਤਾਬਕ ਉਹ ‘ਆਪ’ ਵਿਧਾਇਕ ਆਤਿਸ਼ੀ, ਸੌਰਭ ਭਾਰਦਵਾਜ, ਦੁਰਗੇਸ਼ ਪਾਠਕ ਅਤੇ ਸੰਵਾਦ ਅਤੇ ਵਿਕਾਸ ਕਮਿਸ਼ਨ ਦੀ ਉੱਪ ਪ੍ਰਧਾਨ ਜੈਸਮੀਨ ਸ਼ਾਹ ਸਮੇਤ ਹੋਰਨਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨਗੇ। ਇਕ ਬਿਆਨ ’ਚ ਇਹ ਵੀ ਕਿਹਾ ਗਿਆ ਹੈ ਕਿ ਦਿੱਲੀ ਦੇ ਉੱਪ ਰਾਜਪਾਲ ਵੀ. ਕੇ. ਸਕਸੈਨਾ ‘ਆਪ’ ਨੇਤਾਵਾਂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਝੂਠੇ, ਮਨਘੜ੍ਹਤ ਦੋਸ਼ਾਂ ਲਈ ਕਾਨੂੰਨੀ ਕਾਰਵਾਈ ਕਰਨਗੇ।
ਇਹ ਵੀ ਪੜ੍ਹੋ: Sonali Phogat Murder Case: ਸੋਨਾਲੀ ਫੋਗਾਟ ਨੂੰ ਦਿੱਤੀ MDMA ਡਰੱਗ ਕਿੰਨੀ ਖਤਰਨਾਕ ਹੈ ?
ਕੀ ਹੈ ਵਿਵਾਦ-
‘ਆਪ’ ਨੇ ਇਸ ਹਫਤੇ ਦਿੱਲੀ ਦੇ ਉਪ ਰਾਜਪਾਲ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਉਠਾਉਂਦੇ ਹੋਏ ਦਾਅਵਾ ਕੀਤਾ ਕਿ ਉਸਨੇ 2016 ਵਿਚ ਖਾਦੀ ਅਤੇ ਗ੍ਰਾਮੀਣ ਉਦਯੋਗ ਕਮਿਸ਼ਨ (KVIC) ਦੇ ਚੇਅਰਮੈਨ ਵਜੋਂ ਸੇਵਾ ਕਰਦੇ ਸਮੇਂ 1400 ਕਰੋੜ ਰੁਪਏ ਦਾ ਘਪਲਾ ਕੀਤਾ ਸੀ। ਉੱਪ ਰਾਜਪਾਲ ਦਫ਼ਤਰ ਮੁਤਾਬਕ ਇਹ ਮਾਮਲਾ 17 ਲੱਖ 7 ਹਜ਼ਾਰ ਦਾ ਸੀ, ਜਦਕਿ ‘ਆਪ’ ਨੇਤਾਵਾਂ ਵਲੋਂ ਇਸ ਨੂੰ 1400 ਕਰੋੜ ਰੁਪਏ ਦਾ ਦੱਸਿਆ ਗਿਆ। ਇਸ ਮਾਮਲੇ ’ਚ ਸੀ. ਬੀ. ਆਈ. ਨੇ ਦੋ ਦੋਸ਼ੀਆਂ ਸੰਜੀਵ ਕੁਮਾਰ ਮਲਿਕ ਅਤੇ ਪ੍ਰਦੀਪ ਯਾਦਵ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ ਅਤੇ ਮਾਮਲਾ ਕੋਰਟ ’ਚ ਹੈ।
‘ਆਪ’ ਪਾਰਟੀ ਨੇਤਾਵਾਂ ਦਾ ਇਹ ਹੈ ਦੋਸ਼
ਓਧਰ ‘ਆਪ’ ਵਿਧਾਇਕ ਨੇ ਦਿੱਲੀ ਵਿਧਾਨ ਸਭਾ ਸੈਸ਼ਨ ਦੌਰਾਨ ਦੋਸ਼ ਲਾਇਆ ਕਿ ਜਦੋਂ ਪੂਰਾ ਦੇਸ਼ ਨੋਟਾਂ ਦੀ ਕਿੱਲਤ ਨਾਲ ਜੂਝ ਰਿਹਾ ਸੀ, ਲੱਖਾਂ ਲੋਕਾਂ ਦੀ ਨੌਕਰੀ ਚੱਲੀ ਗਈ ਅਤੇ ਕਈ ਲੋਕ ਭੁੱਖੇ ਸੌਂ ਰਹੇ ਸਨ ਤਾਂ ਖਾਦੀ ਅਤੇ ਗ੍ਰਾਮੀਣ ਉਦਯੋਗ ਕਮਿਸ਼ਨ ਦੇ ਪ੍ਰਧਾਨ ਸਕਸੈਨਾ ਨੇ ਮਹਾਤਮਾ ਗਾਂਧੀ ਦੇ ਨਾਂ ’ਤੇ 1400 ਕਰੋੜ ਰੁਪਏ ਦਾ ਘਪਲਾ ਕੀਤਾ। ਪਾਠਕ ਨੇ ਅੱਗੇ ਕਿਹਾ ਕਿ ਦੋ ਕੈਸ਼ੀਅਰਾਂ ਨੇ ਘਪਲੇ ਦਾ ਪਰਦਾਫ਼ਾਸ਼ ਕੀਤਾ ਸੀ ਪਰ ਸਕਸੈਨਾ ਨੇ ਖ਼ੁਦ ਉਨ੍ਹਾਂ ਦੇ ਦੋਸ਼ਾਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ। ਦੱਸ ਦੇਈਏ ਕਿ ‘ਆਪ’ ਨੇਤਾਵਾਂ ਨੇ ਇਸ ਘਪਲੇ ਦੀ ਜਾਂਚ ਦੀ ਮੰਗ ਨੂੰ ਲੈ ਕੇ ਸੋਮਵਾਰ ਨੂੰ ਦਿੱਲੀ ਵਿਧਾਨ ਸਭਾ ’ਚ ਪੂਰੀ ਰਾਤ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ। ਉੱਪ ਰਾਜਪਾਲ ਨੇ ਹੁਣ ਫ਼ੈਸਲਾ ਲਿਆ ਹੈ ਕਿ ‘ਆਪ’ ਦੇ ਨੇਤਾਵਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।