ਚੰਡੀਗੜ੍ਹ ਤੋਂ ਖ਼ਬਰ ਸਾਹਮਣੇ ਆ ਰਹੀ ਹੈ ਕਿ ਚੰਡੀਗੜ੍ਹ ਦੇ ਸੈਕਟਰ 17 ‘ਚ ਸੋਮਵਾਰ ਸਵੇਰੇ 7 ਵਜੇ ਮਸ਼ਹੂਰ ਇੱਕ ਬਹੁ-ਮੰਜ਼ਿਲਾ ਹੋਟਲ ਮਹਿਫਲ ਦੀ ਪੁਰਾਣੀ ਇਮਾਰਤ ਡਿੱਗ ਗਈ। ਦੱਸ ਦੇਈਏ ਕਿ ਇਸ ਇਮਾਰਤ ਦਾ ਵੱਡਾ ਹਿੱਸਾ ਅਚਾਨਕ ਢਹਿ ਗਿਆ। ਖੁਸ਼ਕਿਸਮਤੀ ਨਾਲ ਘਟਨਾ ਸਮੇਂ ਇਮਾਰਤ ਦੇ ਨੇੜੇ ਕੋਈ ਵੀ ਵਿਅਕਤੀ ਮੌਜੂਦ ਨਹੀਂ ਸੀ, ਜਿਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਮਹਿਫ਼ਿਲ ਰੈਸਟੋਰੈਂਟ ਜੋ ਕਦੇ ਸੈਕਟਰ 17 ਦਾ ਮੁੱਖ ਆਕਰਸ਼ਣ ਹੁੰਦਾ ਸੀ, ਪਿਛਲੇ ਕਈ ਸਾਲਾਂ ਤੋਂ ਬੰਦ ਪਿਆ ਸੀ। ਇਹ ਇਮਾਰਤ ਕਾਫੀ ਸਮੇਂ ਤੋਂ ਖਾਲੀ ਪਈ ਸੀ। ਪ੍ਰਸ਼ਾਸਨਿਕ ਅਧਿਕਾਰੀ ਖੁਦ ਮੌਕੇ ‘ਤੇ ਮੌਜੂਦ ਹਨ। ਇਸ ਦੇ ਨੇੜੇ ਹੀ ਡੀਸੀ ਦਫ਼ਤਰ ਅਤੇ ਇੱਕ ਮਸ਼ਹੂਰ ਸ਼ੋਅਰੂਮ ਸਥਿਤ ਹੈ।
ਜਾਣਕਾਰੀ ਅਨੁਸਾਰ ਇਹ ਇਮਾਰਤ 1970 ਦੇ ਆਸ-ਪਾਸ ਬਣੀ ਸੀ। ਇਹ ਇਮਾਰਤ ਸ਼ਹਿਰ ਵਿੱਚ ਇੱਕ ਪ੍ਰਮੁੱਖ ਸਥਾਨ ‘ਤੇ ਸਥਿਤ ਹੈ. ਲੋਕਾਂ ਮੁਤਾਬਕ ਇਹ ਇਮਾਰਤ 5 ਮੰਜ਼ਿਲਾਂ ਉੱਚੀ ਸੀ। ਉਨ੍ਹਾਂ ਦੱਸਿਆ ਕਿ ਜਦੋਂ ਇਹ ਇਮਾਰਤ ਡਿੱਗੀ ਤਾਂ ਧਮਾਕਾ ਜਿਹਾ ਮਹਿਸੂਸ ਹੋਇਆ।
ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਮਾਰਤ ‘ਚ ਕਰੀਬ 2 ਮਹੀਨਿਆਂ ਤੋਂ ਉਸਾਰੀ ਦਾ ਕੰਮ ਚੱਲ ਰਿਹਾ ਸੀ। ਇਸ ਕਾਰਨ ਇਮਾਰਤ ਵਿੱਚ ਤਰੇੜਾਂ ਆ ਗਈਆਂ। ਮਾਮਲਾ ਪ੍ਰਸ਼ਾਸਨ ਦੇ ਧਿਆਨ ਵਿੱਚ ਆਉਂਦੇ ਹੀ 27 ਦਸੰਬਰ ਨੂੰ ਇਮਾਰਤ ਨੂੰ ਸੀਲ ਕਰ ਦਿੱਤਾ ਗਿਆ ਸੀ।
ਚਸ਼ਮਦੀਦਾਂ ਅਨੁਸਾਰ ਸੀਲਿੰਗ ਤੋਂ ਬਾਅਦ ਇਮਾਰਤ ‘ਤੇ ਕੰਮ ਕਰ ਰਿਹਾ ਠੇਕੇਦਾਰ ਫਰਾਰ ਹੋ ਗਿਆ। ਨਾਲ ਲੱਗਦੀ ਇਮਾਰਤ ਦੇ ਮਾਲਕਾਂ ਦਾ ਕਹਿਣਾ ਹੈ ਕਿ ਮੁਰੰਮਤ ਦੌਰਾਨ ਉਚਿਤ ਕਦਮ ਨਹੀਂ ਚੁੱਕੇ ਗਏ। ਇਸ ਕਾਰਨ ਉਨ੍ਹਾਂ ਦੀਆਂ ਇਮਾਰਤਾਂ ਨੂੰ ਵੀ ਨੁਕਸਾਨ ਪੁੱਜਾ ਹੈ।
ਇਸ ਹਾਦਸੇ ਨੇ ਸੁਰੱਖਿਆ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਘਟਨਾ ਤੋਂ ਬਾਅਦ ਸਥਾਨਕ ਵਪਾਰੀਆਂ ਅਤੇ ਵਸਨੀਕਾਂ ਨੇ ਪ੍ਰਸ਼ਾਸਨ ਨੂੰ ਸੈਕਟਰ 17 ਅਤੇ ਹੋਰ ਪੁਰਾਣੀਆਂ ਇਮਾਰਤਾਂ ਦੀ ਤੁਰੰਤ ਜਾਂਚ ਕਰਨ ਅਤੇ ਇਨ੍ਹਾਂ ਇਮਾਰਤਾਂ ਨੂੰ ਢਾਹੁਣ ਜਾਂ ਮੁਰੰਮਤ ਕਰਨ ਦੀ ਅਪੀਲ ਕੀਤੀ ਹੈ।