ਦਿੱਲੀ ਦੇ ਕਥਿਤ ਐਕਸਾਈਜ਼ ਪਾਲਿਸੀ ਘੁਟਾਲੇ ‘ਚ ਗ੍ਰਿਫਤਾਰ ਸੀਐੱਮ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਦੇ ਸਿਲਸਿਲੇ ‘ਚ ਉਮੀਦ ਦੀ ਕਿਰਨ ਦਿਸੀ ਹੈ।ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਈਡੀ ਤੋਂ ਕਿਹਾ ਕਿ ਉਹ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਮਨੀ ਲਾਂਡਰਿੰਗ ਮਾਮਲੇ ‘ਚ ਕੇਜਰੀਵਾਲ ਦੀ ਅੰਤਰਿਮ ਜ਼ਮਾਨਤ ਪਟੀਸ਼ਨ ‘ਤੇ ਦਲੀਲਾਂ ਸੁਣਨ ‘ਤੇ ਵਿਚਾਰ ਕਰੇਗਾ।
ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਦੀਪਾਂਕਰ ਦੱਤਾ ਦੀ ਬੈਂਚ ਨੇ ਈਡੀ ਵਲੋਂ ਪੇਸ਼ ਸਾਲਿਸਟਰ ਜਨਰਲ ਐਸਵੀ ਰਾਜੂ ਨੂੰ ਕਿਹਾ ਕਿ ਗ੍ਰਿਫਤਾਰੀ ਦੇ ਖਿਲਾਫ ਕੇਜਰੀਵਾਲ ਦੀ ਪਟੀਸ਼ਨ ‘ਤੇ ਸੁਣਵਾਈ ‘ਚ ਸਮਾਂ ਲੱਗਣ ਦੀ ਸੰਭਾਵਨਾ ਹੈ।ਇਸ ਲਈ ਕੋਰਟ ਅੰਤਰਿਮ ਜ਼ਮਾਨਤ ਦੇਣ ‘ਤੇ ਈਡੀ ਦਾ ਪੱਖ ਸੁਣਨ ‘ਤੇ ਵਿਚਾਰ ਕਰ ਰਹੀ ਹੈ।
ਰਾਜੂ ਨੇ ਕਿਹਾ, ਉਹ ਜ਼ਮਾਨਤ ਦੇਣ ਦਾ ਵਿਰੋਧ ਕਰਨਗੇ।ਬੈਂਚ ਨੇ ਕਿਹਾ, ਅਸੀਂ ਕਹਿ ਰਹੇ ਹਾਂ ਕਿ ਅੰਤਰਿਮ ਜ਼ਮਾਨਤ ‘ਤੇ ਸੁਣਵਾਈ ਕਰਾਂਗੇ।ਇਹ ਨਹੀਂ ਕਹਿ ਰਹੇ ਕਿ ਅੰਤਰਿਮ ਜ਼ਮਾਨਤ ਦੇਣਗੇ।ਕੋਰਟ ਨੇ ਰਾਜੂ ਨੂੰ 7 ਮਈ ਨੂੰ ਦਲੀਲਾਂ ਦੀ ਤਿਆਰੀ ਦੇ ਨਾਲ ਆਉਣ ਨੂੰ ਕਿਹਾ।ਕੇਜਰੀਵਾਲ 21 ਮਾਰਚ ਨੂੰ ਗ੍ਰਿਫਤਾਰੀ ਦੇ ਬਾਅਦ ਤੋਂ ਨਿਆਂਇਕ ਹਿਰਾਸਤ ‘ਚ ਤਿਹਾੜ ਜੇਲ੍ਹ ‘ਚ ਬੰਦ ਹਨ।