‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦਾ ਟਵਿੱਟਰ ਅਕਾਊਂਟ ਭਾਰਤ ‘ਚ ਬੰਦ ਹੋ ਗਿਆ ਹੈ ।ਦੱਸ ਦੇਈਏ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਵਾਰਿਸ ਪੰਜਾਬ ਦੇ ਮੁਖੀ ਬਣਿਆ ਕਰੀਬ ਇਕ ਸਾਲ ਦਾ ਸਮਾਂ ਹੋ ਗਿਆ ਹੈ। ਇੰਨੀ ਦਿਨੀਂ ਉਹ ਕਾਫ਼ੀ ਚਰਚਾ ‘ਚ ਚੱਲ ਰਹੇ ਹਨ ਕਿਉਂਕਿ ਕਈ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਏਜੰਸੀਆਂ ਨਾਲ ਸੰਬੰਧ ਰੱਖਦੇ ਹਨ। ਇਸ ਦੌਰਾਨ ਭਾਈ ਅੰਮ੍ਰਿਤਪਾਲ ਸਿੰਘ ਨੇ ਗੱਲ ਕਰਦਿਆਂ ਕਿਹਾ ਕਿ ਮੇਰਾ ਕੋਈ ਪਿਛੋਕੜ ਇਤਿਹਾਸ ਨਹੀਂ ਹੈ ਅਤੇ ਮੈਂ ਆਮ ਘਰ ਨਾਲ ਸੰਬੰਧ ਰੱਖਦਾ ਹਾਂ। ਉਨ੍ਹਾਂ ਕਿਹਾ ਕਿ ਪੰਥ ਅਤੇ ਸ਼ਹੀਦਾਂ ਨਾਲ ਮੇਰਾ ਸ਼ੁਰੂ ਤੋਂ ਪ੍ਰੇਮ ਰਿਹਾ ਹੈ। ਪੰਥਕ ਰਾਹ ਤੋਂ ਭਟਕੇ ਵੀ ਰਹੇ ਹਾਂ ਪਰ ਪਰਮਾਤਮਾ ਨੇ ਕਿਰਪਾ ਕਰ ਕੇ ਮੁੜ ਤੋਂ ਪੰਥ ਦੇ ਰਾਹ ‘ਤੇ ਤੋਰਿਆ ਹੈ।
‘ਵਾਰਿਸ ਪੰਜਾਬ ਦੇ’ ਜਥੇਬੰਦੀ ਦੀ ਪ੍ਰਧਾਨਗੀ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਜਥੇਬੰਦੀ ਦੀ ਜ਼ਿੰਮੇਵਾਰੀ ਕੰਡਿਆਂ ਦੀ ਸੇਜ਼ ਦੇ ਵਾਂਗ ਹੈ। ਇਸ ਰਾਹ ‘ਤੇ ਚੱਲਦਿਆਂ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਸਾਡੀ ਜਥੇਬੰਦੀ ਕੋਈ ਵੀ ਕੰਮ ਲੁਕ ਕੇ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਇਹ ਜਥੇਬੰਦੀ ਪੰਜਾਬ ਦੇ ਮੁੱਦਿਆਂ, ਪੰਥ ਅਤੇ ਪੰਜਾਬ ਦੀ ਆਜ਼ਾਦੀ ਦੀ ਗੱਲ ਕਰਦੀ ਹੈ ਅਤੇ ਇਸ ‘ਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਨੂੰ ਲੱਗਾ ਕੇ ਮੈਂ ਇਸ ਰਾਹ ‘ਤੇ ਚੱਲ ਸਕਦਾ ਹਾਂ , ਇਸ ਲਈ ਉਨ੍ਹਾਂ ਨੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ। ਨੌਜਵਾਨਾਂ ਨੂੰ ਨਸ਼ਿਆਂ ‘ਚੋਂ ਕੱਢਿਆ ਅਤੇ ਗੁਲਾਮੀ ਖ਼ਿਲਾਫ਼ ਸੰਘਰਸ਼ ਕੀਤਾ ਸੀ, ਜੋ ਕਿ ਪੰਜਾਬ ਲਈ ਇਕ ਸਮਾਜ ਧਾਰਕ ਲਹਿਰ ਸੀ।
ਅੰਮ੍ਰਿਤਪਾਲ ਨੇ ਕਿਹਾ ਕਿ ਪੰਜਾਬ ਦੇ ਵਿੱਚ ਧਰਮ ਅਤੇ ਸਮਾਜ ਦੀ ਪਰਿਭਾਸ਼ਾ ਵੱਖਰੀ ਨਹੀਂ ਹੈ, ਜੇਕਰ ਧਰਮ ਹੋਵੇਗਾ ਤਾਂ ਸਮਾਜ ਚੱਲੇਗਾ। ਧਰਮ ਨਾ ਹੋਣ ‘ਤੇ ਸਮਾਜ ਵਿਗੜ ਜਾਵੇਗਾ। ਇਸ ਲਈ ਸਾਡੀ ਜਥੇਬੰਦੀ ਮੁੱਖ ਸਿਆਸਤ ‘ਚ ਨਹੀਂ ਜਾ ਰਹੀ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ‘ਚ ਕੋਈ ਬਦਲਾਅ ਕਰਨਾ ਹੈ ਤਾਂ ਧਰਮ ਨੂੰ ਆਧਾਰ ਬਣਾ ਕੇ ਕੀਤਾ ਜਾ ਸਕਦਾ , ਉਸ ਤੋਂ ਬਿਨ੍ਹਾਂ ਨਹੀਂ।