ਗਰਮੀ ਤੋਂ ਬਚਣ ਲਈ ਲੋਕ ਕਈ ਤਰ੍ਹਾਂ ਦੇ ਉਪਾਅ ਅਪਣਾ ਰਹੇ ਹਨ। ਇਸ ਲਈ ਲੋਕ ਖਾਣ ਪੀਣ ਵਿੱਚ ਕਈ ਨਵੀਆਂ ਚੀਜ਼ਾਂ ਸ਼ਾਮਲ ਕਰਦੇ ਹਨ। ਅੱਜ ਅਸੀਂ ਪੰਜ ਅਜਿਹੀਆਂ ਸਬਜ਼ੀਆਂ ਬਾਰੇ ਤੁਹਾਨੂੰ ਦੱਸਾਂਗੇ, ਜਿਨ੍ਹਾਂ ਦਾ ਸੇਵਨ ਕਰਕੇ ਗਰਮੀ ਵਿੱਚ ਹੋਣ ਵਾਲੀਆਂ ਸਾਰੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਲੌਕੀ ਦੀ। ਇਸ ਨੂੰ ਸਬਜ਼ੀ ਦੇ ਤੌਰ ‘ਤੇ ਬਹੁਤ ਪਸੰਦ ਕੀਤਾ ਜਾਂਦਾ ਹੈ।
ਲੌਕੀ ਦੀ ਸਬਜ਼ੀ ਬਹੁਤ ਹੀ ਸੁਆਦੀ ਹੁੰਦੀ ਹੈ। ਇਸ ਦੀ ਖੀਰ ਵੀ ਬਣਾਈ ਜਾਂਦੀ ਹੈ। ਲੌਕੀ ਨੂੰ ਪਾਚਨ ਕਿਰਿਆ ਲਈ ਵੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹ ਫਾਈਬਰ ਅਤੇ ਪਾਣੀ ਦਾ ਚੰਗਾ ਸਰੋਤ ਹੈ। ਜੇਕਰ ਇਸ ਦੀ ਵਰਤੋਂ ਭੋਜਨ ‘ਚ ਕੀਤੀ ਜਾਵੇ ਤਾਂ ਗਰਮੀਆਂ ‘ਚ ਹੋਣ ਵਾਲੀਆਂ ਪੇਟ ਸੰਬੰਧੀ ਕਈ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ।
ਇਸ ਤੋਂ ਬਾਅਦ ਵਾਰੀ ਆਉਂਦੀ ਹੈ ਕੌੜੇ ਕਰੇਲੇ ਦੀ। ਕੌੜਾ ਹੋਣ ਦੇ ਬਾਵਜੂਦ, ਇਸ ਦੀ ਵਰਤੋਂ ਬਹੁਤ ਕੀਤੀ ਜਾਂਦੀ ਹੈ ਕਿਉਂਕਿ ਇਹ ਸਰੀਰ ਲਈ ਬਹੁਤ ਪ੍ਰਭਾਵਸ਼ਾਲੀ ਅਤੇ ਲਾਭਕਾਰੀ ਹੈ। ਇਹ ਭੋਜਨ ਨੂੰ ਆਸਾਨੀ ਨਾਲ ਪਚਾਉਣ ‘ਚ ਮਦਦ ਕਰਦਾ ਹੈ। ਇਸ ਦਾ ਸੇਵਨ ਜੂਸ ਜਾਂ ਸਬਜ਼ੀ ਦੇ ਰੂਪ ‘ਚ ਕੀਤਾ ਜਾ ਸਕਦਾ ਹੈ। ਸਿਰਫ਼ ਗਰਭਵਤੀ ਜਾਂ ਬੱਚੇ ਨੂੰ ਦੁੱਧ ਪਿਲਾਉਣ ਵਾਲੀਆਂ ਔਰਤਾਂ ਨੂੰ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ।
ਤੀਜੇ ਨੰਬਰ ਉੱਤੇ ਆਉਂਦਾ ਹੈ ਖੀਰਾ। ਖੀਰੇ ਨੂੰ ਸਲਾਦ, ਰਾਇਤਾ ਅਤੇ ਸਬਜ਼ੀ ਦੇ ਰੂਪ ਵਿੱਚ ਵਰਤਿਆ ਜਾ ਸਕਦਾ ਹੈ। ਇਹ ਖਣਿਜ ਅਤੇ ਪਾਣੀ ਦਾ ਬਹੁਤ ਵਧੀਆ ਸਰੋਤ ਹੈ। ਗਰਮੀ ਦੇ ਦਿਨਾਂ ‘ਚ ਇਹ ਸਰੀਰ ‘ਚ ਪਾਣੀ ਦੀ ਮਾਤਰਾ ਨੂੰ ਬਣਾਈ ਰੱਖਣ ‘ਚ ਮਦਦ ਕਰਦਾ ਹੈ। ਇਸ ‘ਚ ਫਾਈਬਰ ਵੀ ਹੁੰਦਾ ਹੈ ਜੋ ਪਾਚਨ ਤੰਤਰ ਨੂੰ ਮਜ਼ਬੂਤ ਕਰਨ ‘ਚ ਮਦਦ ਕਰਦਾ ਹੈ।
ਚੋਥੇ ਨੰਬਰ ਉੱਤੇ ਆਉਂਦੀ ਹੈ ਪਾਲਕ, ਇਸ ਦੀ ਵਰਤੋਂ ਸਾਗ, ਕਈ ਤਰ੍ਹਾਂ ਦੀ ਸਬਜ਼ੀ ਅਤੇ ਸੂਪ ਦੇ ਰੂਪ ਵਿੱਚ ਕੀਤੀ ਜਾਂਦੀ ਹੈ। ਇਹ ਆਇਰਨ ਅਤੇ ਫੋਲਿਕ ਐਸਿਡ ਨਾਲ ਭਰਪੂਰ ਹੁੰਦੀ ਹੈ। ਪਾਲਕ ਫਾਈਬਰ ਦਾ ਵੀ ਚੰਗਾ ਸਰੋਤ ਹੈ। ਇਹ ਪੇਟ ਨਾਲ ਜੁੜੀਆਂ ਕਈ ਬੀਮਾਰੀਆਂ ਨੂੰ ਠੀਕ ਕਰ ਸਕਦੀ ਹੈ।
ਵੈਸੇ ਤਾਂ ਇਸ ਨੂੰ ਸਬਜ਼ੀਆਂ ਵਿੱਚ ਗਿਣਿਆ ਜਾਂਦਾ ਹੈ ਪਰ ਪੰਜਵੇਂ ਨੰਬਰ ਤੇ ਇੱਕ ਫਲ ਹੈ। ਇਹ ਹੈ ਲਾਲ ਲਾਲ ਟਮਾਟਰ। ਇਸ ਤੋਂ ਤਿਆਰ ਸਬਜ਼ੀਆਂ, ਸਲਾਦ ਅਤੇ ਚਟਨੀ ਬਹੁਤ ਸਵਾਦਿਸ਼ਟ ਹੁੰਦੀ ਹਨ। ਇਹ ਗਰਮੀਆਂ ਲਈ ਇੱਕ ਰਾਮਬਾਣ ਹੈ ਤੇ ਇਸ ਦੀ ਵਰਤੋਂ ਲਗਭਗ ਸਾਰੀਆਂ ਸਬਜ਼ੀਆਂ ਵਿੱਚ ਕੀਤੀ ਜਾਂਦੀ ਹੈ। ਇਸ ਵਿੱਚ ਫਾਈਬਰ ਅਤੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ ਜੋ ਪਾਚਨ ਕਿਰਿਆ ਨੂੰ ਮਜ਼ਬੂਤ ਕਰਦੇ ਹਨ।