KHEL RATNA AWARD– ਪੈਰਿਸ ਓਲੰਪਿਕ ਵਿੱਚ ਦੋ ਓਲੰਪਿਕ ਤਗਮੇ ਜਿੱਤਣ ਵਾਲੀ ਭਾਰਤੀ ਮਹਿਲਾ ਨਿਸ਼ਾਨੇਬਾਜ਼ ਮਨੂ ਭਾਕਰ (Manu bhaker) ਅਤੇ ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ (Harmanpreet Singh) ਸਮੇਤ ਚਾਰ ਖਿਡਾਰੀਆਂ ਨੂੰ ਖੇਡ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਖੇਡ ਮੰਤਰਾਲੇ ਨੇ ਵੀਰਵਾਰ ਨੂੰ ਰਾਸ਼ਟਰੀ ਖੇਡ ਪੁਰਸਕਾਰ 2024 ਦਾ ਐਲਾਨ ਕੀਤਾ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ 17 ਜਨਵਰੀ ਨੂੰ ਰਾਸ਼ਟਰਪਤੀ ਭਵਨ ਵਿੱਚ ਜੇਤੂਆਂ ਨੂੰ ਸਨਮਾਨਿਤ ਕਰਨਗੇ।
ਖੇਡ ਮੰਤਰਾਲੇ ਨੇ ਇਕ ਬਿਆਨ ‘ਚ ਕਿਹਾ ਕਿ ਕਮੇਟੀ ਦੀਆਂ ਸਿਫਾਰਸ਼ਾਂ ਅਤੇ ਸਰਕਾਰ ਦੀ ਜਾਂਚ ਦੇ ਆਧਾਰ ਉਤੇ ਖਿਡਾਰੀਆਂ, ਕੋਚਾਂ, ਯੂਨੀਵਰਸਿਟੀਆਂ ਨੂੰ ਪੁਰਸਕਾਰ ਦੇਣ ਦਾ ਫੈਸਲਾ ਲਿਆ ਗਿਆ ਹੈ।
ਕਮੇਟੀਆਂ ਦੀਆਂ ਸਿਫਾਰਸ਼ਾਂ ਦੇ ਆਧਾਰ ਉਤੇ ਸਰਕਾਰ ਨੇ ਮਨੂ ਭਾਕਰ, ਡੀ ਗੁਕੇਸ਼, ਹਰਮਨਪ੍ਰੀਤ ਸਿੰਘ ਅਤੇ ਪੈਰਾ ਐਥਲੀਟ ਪ੍ਰਵੀਨ ਕੁਮਾਰ ਨੂੰ ਖੇਡ ਰਤਨ ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਮਨੂ ਭਾਕਰ ਦਾ ਨਾਂ ਖੇਡ ਰਤਨ ਪੁਰਸਕਾਰ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਦੀ ਸਿਫ਼ਾਰਸ਼ ਸੂਚੀ ਵਿੱਚ ਸ਼ਾਮਲ ਨਾ ਹੋਣ ‘ਤੇ ਵਿਵਾਦ ਖੜ੍ਹਾ ਹੋ ਗਿਆ ਸੀ। ਹਾਲਾਂਕਿ ਬਾਅਦ ‘ਚ ਮਨੂ ਨੇ ਖੁਦ ਮੰਨਿਆ ਕਿ ਸ਼ਾਇਦ ਉਨ੍ਹਾਂ ਦੇ ਪੱਖ ਤੋਂ ਹੀ ਕੋਈ ਗਲਤੀ ਹੋ ਗਈ ਸੀ।
ਮਨੂ ਭਾਕਰ ਨੇ ਪੈਰਿਸ ਓਲੰਪਿਕ ‘ਚ ਨਿਸ਼ਾਨੇਬਾਜ਼ੀ ‘ਚ 2 ਮੈਡਲ ਜਿੱਤ ਕੇ ਇਤਿਹਾਸ ਰਚਿਆ ਸੀ। ਉਹ ਇੱਕੋ ਓਲੰਪਿਕ ਦੇ ਸਿੰਗਲ ਮੁਕਾਬਲਿਆਂ ਵਿੱਚ ਦੋ ਵੱਖ-ਵੱਖ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਅਥਲੀਟ ਬਣ ਗਈ। ਇਨ੍ਹਾਂ ਹੀ ਖੇਡਾਂ ਵਿੱਚ ਹਰਮਨਪ੍ਰੀਤ ਸਿੰਘ ਨੇ ਆਪਣੀ ਕਪਤਾਨੀ ਹੇਠ ਭਾਰਤੀ ਹਾਕੀ ਟੀਮ ਲਈ ਕਾਂਸੀ ਦਾ ਤਗਮਾ ਜਿੱਤਿਆ ਸੀ।
ਇਹ ਲਗਾਤਾਰ ਦੂਜੀ ਵਾਰ ਸੀ ਜਦੋਂ ਭਾਰਤ ਨੇ ਓਲੰਪਿਕ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਜਦੋਂ ਕਿ ਡੀ ਗੁਕੇਸ਼ ਕੁਝ ਹਫ਼ਤੇ ਪਹਿਲਾਂ ਹੀ ਸ਼ਤਰੰਜ ਦੇ ਇਤਿਹਾਸ ਵਿੱਚ ਸਭ ਤੋਂ ਘੱਟ ਉਮਰ ਦਾ ਵਿਸ਼ਵ ਚੈਂਪੀਅਨ ਬਣਿਆ ਸੀ। ਉਸ ਨੇ ਸਿਰਫ਼ 18 ਸਾਲ ਦੀ ਉਮਰ ਵਿੱਚ ਵਿਸ਼ਵ ਚੈਂਪੀਅਨ ਬਣਨ ਦਾ ਖ਼ਿਤਾਬ ਹਾਸਲ ਕੀਤਾ ਸੀ। ਪ੍ਰਵੀਨ ਕੁਮਾਰ ਨੇ ਪੈਰਾਓਲੰਪਿਕਸ ਦੇ ਟੀ64 ਵਰਗ ਦੇ ਉੱਚੀ ਛਾਲ ਮੁਕਾਬਲੇ ਵਿੱਚ ਸੋਨ ਤਮਗਾ ਜਿੱਤਿਆ ਸੀ। ਤੁਹਾਨੂੰ ਦੱਸ ਦਈਏ ਕਿ ਖੇਡ ਮੰਤਰਾਲੇ ਨੇ ਕੁੱਲ 32 ਐਥਲੀਟਾਂ ਦੀ ਸੂਚੀ ਜਾਰੀ ਕੀਤੀ ਹੈ, ਜਿਨ੍ਹਾਂ ਨੂੰ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇਨ੍ਹਾਂ ਵਿੱਚ 17 ਪੈਰਾ ਐਥਲੀਟ ਰੱਖੇ ਗਏ ਹਨ।