ਜਿਲਾ ਗੁਰਦਾਸਪੁਰ ਤੋਂ ਇੱਕ ਬੇਹੱਦ ਦੁਖਦ ਖਬਰ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਗੁਰਦਾਸਪੁਰ ਦੇ ਕਸਬਾ ਫਤਿਹਗੜ ਚੂੜੀਆਂ ਦੀ ਵਾਰਡ ਨੰਬਰ 2 ਕਿ੍ਰਸਚਨ ਮੁਹਲੇ ਵਿਖੇ ਇੱਕ ਗਰੀਬ ਪਰਿਵਾਰ ਦੇ ਘਰ ਦੇ ਇੱਕ ਕਮਰੇ ਨੂੰ ਅਚਾਨਕ ਅੱਗ ਲੱਗ ਗਈ।
ਜਿਸ ਕਾਰਨ ਅੱਗ ਲੱਗਣ ਨਾਲ ਅੰਦਰ ਪਿਆ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ। ਅੱਗ ਨੂੰ ਮੁਹਲਾ ਵਾਸੀਆਂ ਨੇ ਬੜੀ ਮੁਸ਼ਕਤ ਨਾਲ ਬੁਝਾਇਆ। ਇਸ ਸਬੰਧੀ ਘਰ ਦੇ ਮਾਲਕ ਧਰਮਪਾਲ ਅਤੇ ਉਸ ਦੀ ਪਤਨੀ ਸ਼ਿੰਦੀ ਨੇ ਦੁੱਖੀ ਹਿਰਦੇ ਨਾਲ ਦੱਸਿਆ ਕਿ ਉਹ ਦੁਪਹਿਰ ਦੇ ਸਮੇਂ ਆਪਣੇ ਘਰ ਦੇ ਬਾਹਰ ਬੈਠੇ ਸਨ ਕਿ ਉਨਾਂ ਦੇ ਗਵਾਂਢੀਆਂ ਨੇ ਰੋਲਾ ਪਾਇਆ ਕਿ ਉਨਾਂ ਦੇ ਉਪਰ ਵਾਲੇ ਕਮਰੇ’ਚੋਂ ਧੂਆਂ ਨਿਕਲ ਰਿਹਾ ਹੈ।
ਜਦੋਂ ਉਨਾਂ ਨੇ ਜਲਦੀ ਜਾ ਕੇ ਉਪਰ ਦੇਖਿਆ ਤਾਂ ਉਨਾਂ ਦੇ ਕਮਰੇ’ਚ ਪੂਰੀ ਤਰਾਂ ਅੱਗ ਲੱਗ ਚੁੱਕੀ ਸੀ ਅਤੇ ਅੰਦਰ ਪਿਆ ਸਾਰਾ ਸਮਾਨ ਅੱਗ ਦੀ ਲਪੇਟ’ਚ ਆ ਕੇ ਸੜ ਰਿਹਾ ਸੀ ਜਿਸ ਨੂੰ ਮੁਹਲਾ ਵਾਸੀਆਂ ਨੇ ਬੜੀ ਮੁਸ਼ਕਲ ਨਾਲ ਪਾਣੀ ਪਾ ਕੇ ਅੱਗ ਨੂੰ ਕਾਬੂ ਕੀਤਾ।
ਉਨਾਂ ਦੱਸਿਆ ਕਿ ਉਨਾਂ ਦੀ ਬੇਟੀ ਦੇ ਵਿਆਹ ਵਾਲਾ ਸਮਾਨ ਵੀ ਅੰਦਰ ਪਿਆ ਸੀ ਜੋ ਸੜ ਕੇ ਨੁਕਸਾਨਿਆ ਗਿਆ। ਉਨਾਂ ਨੇ ਪ੍ਰਸ਼ਾਸਨ ਕੋਲ ਮਦਦ ਦੀ ਗੁਹਾਰ ਲਗਾਈ ਹੈ।