ਸਿਡਨੀ (ਅਸਟਰੇਲੀਆ) ਦੀ ਇਸ ਜੰਮਪਲ ਕੁੜੀ ਐਸ਼ਲੀਨ ਖੇਲਾ ਨੂੰ ਨਿਊ ਸਾਊਥ ਵੇਲਜ ਸੂਬੇ ਦੀ ਸਰਕਾਰ ਵਲੋਂ ਸਨਮਾਨਿਤ ਕੀਤਾ ਗਿਆ ਹੈ। ਦੱਸ ਦੇਈਏ ਇਹ ਕੁੜੀ ਪੰਜਾਬ ਦੇ ਜਿਲੇ ਨਵਾਂਸ਼ਹਿਰ ਦੀ ਤਹਿਸੀਲ ਬਲਾਚੌਰ ਦੇ ਪਿੰਡ ਸਜਾਵਲਪੁਰ ਨਾਲ਼ ਸਬੰਧਤ ਹੈ।
ਜਾਣਕਾਰੀ ਅਨੁਸਾਰ ਅਸਟਰੇਲੀਆ ਦੀ ਸਭ ਤੋਂ ਛੋਟੀ ਉਮਰ ਦੀ ਪਰਕਾਸ਼ਿਤ ਲੇਖਿਕਾ ਐਸ਼ਲੀਨ ਖੇਲਾ ਨੂੰ ਨਿਊ ਸਾਊਥ ਵੇਲਜ ਸੂਬੇ ਦੀ ਸਰਕਾਰ ਵਲੋਂ ਆਯੋਜਿਤ ਵਿਸ਼ਵ ਵੂਮੈਨਜ ਦਿਵਸ ਨਾਲ਼ ਸਬੰਧਤ ਅੰਤਰ ਰਾਸ਼ਟਰੀ ਕਨਵੈਨਸ਼ਨ ਸੈਂਟਰ ਸਿਡਨੀ ਵਿਖੇ ਕਰਵਾਏ ਜਾ ਰਹੇ ਰਾਜ ਪੱਧਰੀ ਸਰਕਾਰੀ ਸਮਾਗਮ ਦੌਰਾਨ ਸੂਬੇ ਦੇ ਅੋਰਤਾਂ ਦੇ ਮਾਮਲਿਆਂ ਦੇ ਮੰਤਰੀ ਮਾਣਯੋਗ ਜੋਡੀ ਹੈਰਿਸਨ ਵਲੋਂ ਨਿਊ ਸਾਊਥ ਵੇਲਜ ਵੂਮੈਨ ਆਫ ਦੀ ਯੀਅਰ ( ਉਮਰ 7-15 ਸਾਲ ਕੈਟਾਗਿਰੀ) ਨਾਮੀ ਰਾਜ ਪੁਰਸਕਾਰ ਦਿੱਤਾ ਗਿਆ ਹੈ।
ਇਹ ਪੁਰਸਕਾਰ ਐਸ਼ਲੀਨ ਨੂੰ ਇੰਨੀ ਛੋਟੀ ਉਮਰ ਵਿੱਚ ਲਿਖੀਆਂ ਦੋ ਪੁਸਤਕਾਂ ਅਤੇ ਇਹਨਾਂ ਕਿਤਾਬਾਂ ਦੀ ਵਿਕਰੀ ਤੋਂ ਹੋਈ ਸਾਰੀ ਕਮਾਈ ਅਸਟਰੇਲੀਆ ਸਣੇ ਵਿਸ਼ਵ ਭਰ ਦੇ ਗਰੀਬ ਤੇ ਅਣਗੌਲੇ ਬੱਚਿਆਂ ਦੀ ਸਿਹਤ ਤੇ ਭਲਾਈ ਲਈ ਦਾਨ ਕਰਨ ਕਰਕੇ ਅਤੇ ਪਹਿਲੀ ਕਿਤਾਬ ਦੇ ਪਰਕਾਸ਼ਿਤ ਹੋਣ ਵਾਲ਼ੇ ਸਾਰੇ ਖਰਚੇ ਉਸ ਵਲੋ 8 ਸਾਲ ਤੋਂ ਲੈ ਕੇ 11 ਸਾਲਾਂ ਦੀ ਉਮਰ ਤੱਕ ਬੋਤਲਾਂ ਤੇ ਕੈਨੀਆਂ ਰੀ ਸਾਈਕਲ ਕਰਕੇ ਤੇ ਬਾਗਬਾਨੀ ਕਰਕੇ ਆਪਣੇ ਬਲਬੂਤੇ ਜੁਟਾਉਣ ਲਈ ਦਿੱਤਾ ਗਿਆ ਹੈ।
ਸਮਾਗਮ ਤੋਂ ਤੁਰੰਤ ਬਾਅਦ ਨਿਊ ਸਾਊਥ ਵੇਲਜ ਸੂਬੇ ਦੀ ਰਾਜਪਾਲ ਮਾਣਯੋਗ ਮਾਰਗਰੇਟ ਬੀਜਲੀ ਦੇ ਵਿਸ਼ੇਸ਼ ਸੱਦੇ ਤੇ ਰਾਜਪਾਲ ਸਰਕਾਰੀ ਭਵਨ ਸਿਡਨੀ ਵਿਖੇ ਪੁੱਜੀ ਐਸ਼ਲ਼ੀਨ ਨਾਲ਼ ਵਿਸ਼ੇਸ਼ ਭੇਂਟ ਵਾਰਤਾ ਦੌਰਾਨ ਰਾਜਪਾਲ ਨੇ ਖੇਲਾ ਦੀ ਲੇਖਣੀ ਰਾਹੀਂ ਸਮਾਜ ਭਲਾਈ ਦੇ ਉੱਦਮਾਂ ਦੀ ਭਰਵੀਂ ਸ਼ਲਾਘਾ ਕਰਦਿਆਂ ਕਿਹਾ ਕਿ ਖੇਲਾ ਅਨੇਕਾਂ ਹੋਰ ਕੁੜੀਆਂ ਤੇ ਅੋਰਤਾਂ ਲਈ ਰੋਲ ਮੌਡਲ ਹੈ।
ਜਿਕਰਯੋਗ ਹੈ ਕਿ ਐਸ਼ਲੀਨ ਖੇਲਾ ਨੇ 2019 ਵਿਚ ਆਪਣੀ ਇੱਕ ਪੰਜਾਬ ਫੇਰੀ ਦੌਰਾਨ ਸੜਕ ਕਿਨਾਰੇ ਝੁੱਗੀਆਂ ਵਿਚ ਰਹਿੰਦੇ ਪਰਵਾਸੀ ਮਜਦੂਰਾਂ ਦੇ ਬੱਚਿਆਂ ਨੂੰ ਮਿਲਣ ਬਾਅਦ ਉਹਨਾ ਦੀ ਮਦਦ ਕਰਨ ਦੇ ਮਨਸੂਬੇ ਨਾਲ਼ ਅੱਠ ਸਾਲ ਦੀ ਉਮਰੇ ਲਿਖਣਾ ਸ਼ੁਰੂ ਕੀਤਾ ਸੀ ਤੇ ਅੱਜ ਉਹ ਗਰੀਬ ਬੱਚਿਆਂ ਦੀ ਆਪਣੀਆਂ ਕਿਤਾਬਾਂ ਨਾਲ਼ ਮਦਦ ਕਰਨ ਵਾਲ਼ੀ ਵਿਸ਼ਵ ਪ੍ਰਸਿੱਧ ਲੇਖਿਕਾ ਵਜੋਂ ਜਾਣੀ ਜਾਂਦੀ ਹੈ।