ਸਮਰਾਲਾ ਦੇ ਨਾਲ ਲੱਗਦੇ ਪਿੰਡ ‘ਚ ਇੱਕ ਅਜਿਹਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਜੋੜਾ ਦਿਨ-ਰਾਤ ਨਸ਼ੇ ‘ਚ ਰਹਿੰਦਾ ਹੈ। ਜਿਸ ਕਾਰਨ ਚਾਰ ਸਾਲਾ ਬੱਚੀ ਘਰ ‘ਚ ਰੁਲ ਰਹੀ ਸੀ। ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਹੁਣ ਲੋਕਾਂ ਨੇ ਬੱਚੀ ਦੇ ਭਵਿੱਖ ਲਈ ਪੁਲਿਸ ਨੂੰ ਜਾਣਕਾਰੀ ਦਿੱਤੀ।
ਜਾਣਕਰੀ ਅਨੁਸਾਰ ਪੁਲਿਸ ਨੇ ਬੱਚੀ ਰਿਸ਼ਤੇਦਾਰਾਂ ਹਵਾਲੇ ਕਰ ਕੇ ਜੋੜੇ ਨੂੰ ਨਸ਼ਾ ਛੁਡਾਊ ਕੇਂਦਰ ‘ਚ ਦਾਖ਼ਲ ਕਰਵਾ ਦਿੱਤਾ ਹੈ। ਜਦੋਂ ਜੋੜਾ ਤੰਦਰੁਸਤ ਹੋ ਕੇ ਘਰ ਪਰਤੇਗਾ ਤਾਂ ਬੱਚੀ ਨੂੰ ਉਨ੍ਹਾਂ ਹਵਾਲੇ ਕਰ ਦਿੱਤਾ ਜਾਵੇਗਾ।
ਸੂਚਨਾ ਦੇ ਆਧਾਰ ‘ਤੇ ਸਮਰਾਲਾ ਪੁਲਿਸ ਟੀਮ ਨੇ ਜੋੜੇ ਦੇ ਘਰ ਪਹੁੰਚ ਕੇ ਜਦੋਂ ਹਾਲਾਤ ਵੇਖੇ ਤਾਂ ਪੁਲਿਸ ਮੁਲਾਜ਼ਮ ਵੀ ਹੈਰਾਨ ਰਹਿ ਗਏ ਕਿ ਜੋੜਾ ਨਸ਼ੇ ‘ਚ ਹੈ ਤੇ ਬੇਟੀ ਦੀ ਸਾਂਭ-ਸੰਭਾਲ ਲਈ ਘਰ ‘ਚ ਕੋਈ ਨਹੀਂ।
SHO ਪਵਿੱਤਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਸ ਨੇ ਜੋੜੇ ਨੂੰ ਹਸਪਤਾਲ ਲਿਆਂਦਾ, ਜਿੱਥੇ ਉਨ੍ਹਾਂ ਦੇ ਡੋਪ ਟੈਸਟ ਕਰਵਾਏ ਗਏ ਤਾਂ ਜੋ ਅਸਲੀਅਤ ਸਾਹਮਣੇ ਆ ਸਕੇ ਕਿ ਉਹ ਦੋਵੇਂ ਨਸ਼ੇ ਦੇ ਆਦੀ ਹਨ ਜਾਂ ਨਹੀਂ। ਟੈਸਟ ਪਾਜ਼ੀਟਿਵ ਆਏ ਤਾਂ ਉਨ੍ਹਾਂ ਨੂੰ ਪੁਲਸ ਨੇ ਨਿਗਰਾਨੀ ਹੇਠ ਇਲਾਜ਼ ਲਈ ਸਰਕਾਰੀ ਨਸ਼ਾ ਛੁਡਾਊ ਸੈਂਟਰ ‘ਚ ਦਾਖ਼ਲ ਕਰਵਾਇਆ।
ਥਾਣਾ ਮੁਖੀ ਨੇ ਦੱਸਿਆ ਕਿ ਜੋੜਾ ਕੁਝ ਦਿਨ ਪਹਿਲਾਂ ਹੀ ਮੋਹਾਲੀ ਦੇ ਪਿੰਡ ਮੈਹਰੋਲੀ ਤੋਂ ਇੱਥੇ ਪਿੰਡ ਉਟਾਲਾ ਕਿਰਾਏ ‘ਤੇ ਰਹਿਣ ਆਇਆ ਸੀ। ਜੋੜੇ ਦੀ ਆਰਥਿਕ ਹਾਲਤ ਪਹਿਲਾਂ ਠੀਕ ਸੀ ਤੇ ਮੋਹਾਲੀ ‘ਚ ਪ੍ਰਾਪਟੀ ਡੀਲਰ ਦਾ ਚੰਗਾ ਕੰਮ ਸੀ। ਉਸ ਮਗਰੋਂ ਪਤੀ ਮੋਟਰ ਮਕੈਨਿਕ ਦਾ ਕੰਮ ਕਰਨ ਲੱਗ ਪਿਆ। SHO ਪਵਿੱਤਰ ਸਿੰਘ ਅਨੁਸਾਰ ਪੁਲਿਸ ਨੇ ਪੀੜਤਾਂ ਦੇ ਇਲਾਜ ਦਾ ਬੀੜਾ ਵੀ ਚੁੱਕਿਆ ਹੈ। ਇਸ ਲਈ ਪੁਲਸ ਜੋੜੇ ਦਾ ਇਲਾਜ ਕਰਵਾ ਕੇ ਪਹਿਲਾਂ ਵਾਂਗ ਪਰਿਵਾਰ ਨੂੰ ਖ਼ੁਸ਼ਹਾਲ ਬਣਾਉਣ ਦੀ ਕੋਸ਼ਿਸ਼ ਕਰੇਗੀ।