ਕੋਟਕਪੂਰਾ ਦੇ ਨੇੜਲੇ ਪਿੰਡ ਖਾਰਾ ਤੋਂ ਇੱਕ ਬੇਹੱਦ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਇੱਥੋਂ ਦੇ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਸਰੋਵਰ ਵਿੱਚ ਡੁੱਬਣ ਕਾਰਨ ਦੋ ਚਚੇਰੇ ਭਰਾਵਾਂ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ। ਜਾਣਕਰੀ ਅਨੁਸਾਰ ਮ੍ਰਿਤਕ ਬੱਚਿਆਂ ਦੀ ਪਹਿਚਾਣ ਲਵਪ੍ਰੀਤ ਸਿੰਘ(14) ਉਰਫ ਲੱਭੀ ਪੁੱਤਰ ਬਲਵਿੰਦਰ ਸਿੰਘ ਅਤੇ,ਹਰਮਨ ਸਿੰਘ(14) ਪੁੱਤਰ ਚੜਤ ਸਿੰਘ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ ਇਸ ਗੁਰਦੁਆਰਾ ਸਾਹਿਬ ਵਿੱਚ ਪਿੰਡ ਨਾਲ ਸੰਬੰਧਿਤ ਇੱਕ ਪਰਿਵਾਰ ਦੇ ਘਰ ਹੋਈ ਮੌਤ ਦੇ ਸਬੰਧ ਵਿੱਚ ਪਾਠ ਦਾ ਭੋਗ ਰੱਖਿਆ ਗਿਆ ਸੀ ਜਿਸ ਵਿੱਚ ਭਾਰੀ ਗਿਣਤੀ ਵਿੱਚ ਪਿੰਡ ਵਾਸੀ ਸ਼ਾਮਿਲ ਹੋਏ ਸਨ।
ਇਸੇ ਦੌਰਾਨ ਗੁਰਦੁਆਰਾ ਸਾਹਿਬ ਵਿਖੇ ਆਏ ਇਸ ਪਿੰਡ ਦੇ ਰਹਿਣ ਵਾਲੇ ਬੱਚੇ ਗੁਰੂ ਸਰੋਵਰ ਨੇੜੇ ਖੜੇ ਸਨ। ਜਿੱਥੇ ਕਿ ਇੱਕ ਬੱਚਾ ਪੈਰ ਫਿਸਲਨ ਕਾਰਨ ਸਰੋਵਰ ਵਿੱਚ ਡਿੱਗ ਗਿਆ ਅਤੇ ਉਸ ਨੂੰ ਬਚਾਉਣ ਲਈ ਸਰੋਵਰ ਵਿੱਚ ਉਤਰਿਆ ਦੂਜਾ ਬੱਚਾ ਵੀ ਡੁੱਬ ਗਿਆ ਸੂਚਨਾ ਮਿਲਣ ਸਾਰ ਹੀ ਪਿੰਡ ਵਾਸੀਆਂ ਨੇ ਦੋਹਾਂ ਨੂੰ ਬਾਹਰ ਕੱਢਿਆ ਅਤੇ ਕੋਟਪੁਰਾ ਦੇ ਹਸਪਤਾਲ ਵਿਖੇ ਪਹੁੰਚਾਇਆ ਜਿੱਥੇ ਕਿ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤ ਐਲਾਨ ਕਰ ਦਿੱਤਾ।
ਇਸ ਮੌਕੇ ਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਨਰਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ਸਾਰ ਹੀ ਦੋਹਾਂ ਬੱਚਿਆਂ ਨੂੰ ਬਾਹਰ ਕੱਢ ਲਿਆ ਸੀ ਲੇਕਿਨ ਉਨਾਂ ਦੀ ਮੌਤ ਹੋ ਗਈ।
ਇਸ ਮਾਮਲੇ ਵਿੱਚ ਪਿੰਡ ਦੇ ਸਰਪੰਚ ਜੱਗਾ ਸਿੰਘ ਨੇ ਕਿਹਾ ਕਿ ਦੋਹੇ ਬੱਚੇ ਕਬੱਡੀ ਦੇ ਖਿਡਾਰੀ ਸਨ ਅਤੇ ਬਹੁਤ ਹੀ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਸਨ। ਉਹਨਾਂ ਕਿਹਾ ਕਿ ਪਿੰਡ ਵਾਸੀਆਂ ਦੇ ਨਾਲ ਨਾਲ ਪੰਚਾਇਤ ਵੱਲੋਂ ਵੀ ਪਰਿਵਾਰ ਦੀ ਮਦਦ ਕੀਤੀ ਜਾਵੇਗੀ। ਨਾਲ ਹੀ ਉਨ੍ਹਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਤੋਂ ਵੀ ਪਰਿਵਾਰਾਂ ਦੀ ਮਾਲੀ ਮਦਦ ਦੀ ਗੁਹਾਰ ਲਾਈ ਹੈ।