ਨਵੀਂ ਦਿੱਲੀ: ਭਾਰਤ ਵਿੱਚ ਅਮਰੀਕੀ ਦੂਤਘਰ ਦੇ ਇੱਕ ਵਫ਼ਦ (US delegation) ਨੇ ਦਿੱਲੀ ਦੇ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ (Gurdwara Bangla Sahib) ਵਿਖੇ ਮੱਥਾ ਟੇਕਿਆ। ਵਫ਼ਦ ਵਿੱਚ ਮਿਸ਼ੇਲ ਬਰਨੀਅਰ ਟੋਥ (ਬੱਚਿਆਂ ਦੇ ਮੁੱਦਿਆਂ ਲਈ ਵਿਸ਼ੇਸ਼ ਸਲਾਹਕਾਰ), ਐਬੋਨੀ ਜੈਕਸਨ ਬ੍ਰਾਂਚ ਚੀਫ, ਡੌਨ ਹੇਫਲਿਨ, ਬ੍ਰੈਂਡਨ ਮੁਲਾਰਚੀ, ਜੇਰੇਡ ਹੇਜ਼ ਅਟਾਰਨੀ ਸਲਾਹਕਾਰ ਅਤੇ ਕ੍ਰਿਸਟੀਨਾ ਲਿਓਨ ਵਾਈਸ ਕਾਉਂਸਲ ਸਮੇਤ ਹੋਰ ਪਤਵੰਤੇ ਸ਼ਾਮਲ ਰਹੇ।
ਇਸ ਵਫ਼ਦ ਨੇ ਗੁਰੂਘਰ ਵਿੱਚ ਮੱਥਾ ਟੇਕਿਆ ਅਤੇ ਗੁਰੂ ਦੀ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ। ਵਫ਼ਦ ਦੇ ਮੈਂਬਰਾਂ ਨੇ ਵਿਜ਼ਟਰ ਬੁੱਕ ਵਿੱਚ ਆਪਣੀਆਂ ਭਾਵਨਾਵਾਂ ਲਿਖੀਆਂ। ਉਨ੍ਹਾਂ ਲਿਖਿਆ ਕਿ ਇਸ ਅਸਥਾਨ ‘ਤੇ ਨਤਮਸਤਕ ਹੋ ਕੇੇ ਸਕੂਨ ਮਿਲਿਆ ਹੈ।
ਦਿੱਲੀ ਗੁਰਦੁਆਰਾ ਕਮੇਟੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਲਿਖਿਆ ਕਿ ਜਿਸ ਤਰ੍ਹਾਂ ਦਿੱਲੀ ਕਮੇਟੀ ਨੇ ਗੁਰੂਘਰ ਵਿੱਚ ਮੱਥਾ ਟੇਕਣ ਵਾਲਿਆਂ ਪ੍ਰਤੀ ਪਿਆਰ ਤੇ ਸਤਿਕਾਰ ਦਿਖਾਇਆ ਹੈ, ਉਹ ਇਸ ਦੇ ਕਾਇਲ ਹਨ।
ਇਸ ਦੇ ਨਾਲ ਹੀ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ਹੇਠ ਦਿੱਲੀ ਗੁਰਦੁਆਰਾ ਕਮੇਟੀ ਦੀ ਟੀਮ ਨੇ ਸਨਮਾਨਿਤ ਕੀਤਾ। ਵਫ਼ਦ ਦੇ ਮੈਂਬਰਾਂ ਨੇ ਲੰਗਰ ਹਾਲ ਵੀ ਦੇਖਿਆ ਜਿੱਥੋਂ ਕੋਰੋਨਾ ਦੌਰਾਨ ਲੱਖਾਂ ਲੋਕਾਂ ਲਈ ਲੰਗਰ ਤਿਆਰ ਕੀਤਾ ਗਿਆ ਸੀ।