ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਤੋਂ ਇੱਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ। ਜਿਸਨੇ ਵੀ ਇਹ ਦਿਲ ਦਹਿਲਾ ਦੇਣ ਵਾਲੀ ਖ਼ਬਰ ਸੁਣੀ ਉਹ ਹੈਰਾਨ ਰਹਿ ਗਿਆ ਹੈ। ਦੱਸ ਦੇਈਏ ਕਿ ਦਰਅਸਲ, ਇੱਕ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਤੋਂ ਬਾਅਦ, ਲਾਸ਼ ਨੂੰ ਟੁਕੜਿਆਂ ਵਿੱਚ ਕੱਟ ਕੇ, ਇੱਕ ਢੋਲ ਵਿੱਚ ਰੱਖਿਆ ਗਿਆ ਅਤੇ ਉੱਪਰ ਸਮਿੰਟ ਨਾਲ ਚਿਣਾਈ ਕਰ ਦਿੱਤੀ।
ਇਸ ਤੋਂ ਬਾਅਦ ਬੇਵਫ਼ਾ ਪਤਨੀ ਆਪਣੇ ਪ੍ਰੇਮੀ ਨਾਲ ਛੁੱਟੀਆਂ ਮਨਾਉਣ ਸ਼ਿਮਲਾ ਚਲੀ ਗਈ। ਜਦੋਂ ਉਹ ਵਾਪਸ ਆਈ ਤਾਂ ਪਤਨੀ ਨੇ ਪਰਿਵਾਰ ਨੂੰ ਆਪਣੇ ਪਤੀ ਦੇ ਕਤਲ ਬਾਰੇ ਦੱਸਿਆ। ਫਿਲਹਾਲ ਪੁਲਿਸ ਨੇ ਦੋਸ਼ੀ ਪਤਨੀ ਅਤੇ ਉਸਦੇ ਪ੍ਰੇਮੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਨਾਲ ਹੀ, ਪਤੀ ਦੀ ਲਾਸ਼ ਦੇ ਟੁਕੜੇ ਵੀ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਟੁਕੜਿਆਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਹ ਭਿਆਨਕ ਘਟਨਾ ਮੇਰਠ ਦੇ ਬ੍ਰਹਮਪੁਰੀ ਥਾਣਾ ਖੇਤਰ ਦੇ ਅਧੀਨ ਇੰਦਰਾਨਗਰ ਮਾਸਟਰ ਕਲੋਨੀ ਵਿੱਚ ਸਾਹਮਣੇ ਆਈ ਹੈ।
ਜਾਣਕਾਰੀ ਅਨੁਸਾਰ, ਲੰਡਨ ਤੋਂ ਵਾਪਸ ਆਏ ਸੌਰਭ ਕੁਮਾਰ (29) ਦੀ ਉਸਦੀ ਪਤਨੀ ਮੁਸਕਾਨ ਰਸਤੋਗੀ ਨੇ ਉਸਦੇ ਪ੍ਰੇਮੀ ਸਾਹਿਲ ਸ਼ੁਕਲਾ ਨਾਲ ਮਿਲ ਕੇ 4 ਮਾਰਚ ਦੀ ਰਾਤ ਨੂੰ ਹੱਤਿਆ ਕਰ ਦਿੱਤੀ ਸੀ।
4 ਮਾਰਚ ਨੂੰ, ਮੁਲਜ਼ਮਾਂ ਨੇ ਲਾਸ਼ ਦੇ 15 ਟੁਕੜੇ ਇੱਕ ਡਰੱਮ ਵਿੱਚ ਰੱਖੇ ਅਤੇ ਇਸਨੂੰ ਚਿਣਾਈ ਨਾਲ ਢੱਕ ਦਿੱਤਾ। ਮੁਸਕਾਨ ਆਪਣੀ ਪੰਜ ਸਾਲ ਦੀ ਧੀ ਨੂੰ ਉਸਦੇ ਮਾਪਿਆਂ ਦੇ ਘਰ ਛੱਡ ਕੇ ਆਪਣੇ ਪ੍ਰੇਮੀ ਨਾਲ ਸ਼ਿਮਲਾ ਚਲੀ ਗਈ। ਵਾਪਸ ਆਉਣ ਤੋਂ ਬਾਅਦ, ਮੁਸਕਾਨ ਨੇ ਆਪਣੇ ਪਿਤਾ ਨੂੰ ਸੌਰਭ ਦੇ ਕਤਲ ਬਾਰੇ ਦੱਸਿਆ।