ਵੀਰਵਾਰ ਸਵੇਰੇ 7 ਵਜੇ ਦਿੱਲੀ ‘ਚ ਯਮੁਨਾ ਨਦੀ ਦਾ ਪਾਣੀ ਦਾ ਪੱਧਰ 208.46 ਮੀਟਰ ਤੱਕ ਪਹੁੰਚ ਗਿਆ। ਇਹ ਖਤਰੇ ਦਾ ਨਿਸ਼ਾਨ 205 ਮੀਟਰ ਤੋਂ 3 ਮੀਟਰ ਜ਼ਿਆਦਾ ਹੈ। ਰਾਜਧਾਨੀ ਦੇ ਵਜ਼ੀਰਾਬਾਦ ‘ਚ ਸਿਗਨੇਚਰ ਬ੍ਰਿਜ ਨੇੜੇ ਗੜ੍ਹੀ ਮਾਂਡੂ ਪਿੰਡ ਪਾਣੀ ‘ਚ ਡੁੱਬ ਗਿਆ। ਯਮੁਨਾ ਨਦੀ ਦੇ ਕੰਢੇ ਸਥਿਤ ਨੀਵੇਂ ਇਲਾਕਿਆਂ ਤੋਂ 16,000 ਤੋਂ ਵੱਧ ਲੋਕਾਂ ਨੂੰ ਕੱਢ ਕੇ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ।
ਹਰਿਆਣਾ ਦੇ ਹਥਨੀ ਕੁੰਡ ਬੈਰਾਜ ਤੋਂ ਪਾਣੀ ਛੱਡਣ ਤੋਂ ਬਾਅਦ ਯਮੁਨਾ ਦੇ ਪਾਣੀ ਦਾ ਪੱਧਰ ਵਧ ਗਿਆ ਹੈ। ਯਮੁਨਾ ਵਜ਼ੀਰਾਬਾਦ ਤੋਂ ਓਖਲਾ ਤੱਕ 22 ਕਿਲੋਮੀਟਰ ਵਿੱਚ ਹੈ। ਕੇਂਦਰੀ ਜਲ ਕਮਿਸ਼ਨ ਨੂੰ ਖਦਸ਼ਾ ਹੈ ਕਿ ਵੀਰਵਾਰ ਦੁਪਹਿਰ ਤੱਕ ਪਾਣੀ ਦਾ ਪੱਧਰ 209 ਮੀਟਰ ਤੱਕ ਪਹੁੰਚਣ ‘ਤੇ ਜ਼ਿਆਦਾਤਰ ਇਲਾਕੇ ਡੁੱਬ ਜਾਣਗੇ। ਐਨਡੀਆਰਐਫ ਦੀਆਂ 12 ਟੀਮਾਂ ਇੱਥੇ ਤਾਇਨਾਤ ਕੀਤੀਆਂ ਗਈਆਂ ਹਨ। 2700 ਰਾਹਤ ਕੈਂਪ ਲਗਾਏ ਗਏ ਹਨ।
ਉਧਰ, ਹਰਿਆਣਾ ਵਿੱਚ ਵੀ ਯਮੁਨਾ ਦਾ ਪਾਣੀ 13 ਜ਼ਿਲ੍ਹਿਆਂ ਵਿੱਚ ਦਾਖ਼ਲ ਹੋ ਗਿਆ ਹੈ। 240 ਪਿੰਡ ਹੜ੍ਹ ਦੀ ਲਪੇਟ ਵਿੱਚ ਆ ਗਏ ਹਨ। ਹੌਲੀ-ਹੌਲੀ ਯਮੁਨਾ ਦਾ ਪਾਣੀ ਹੁਣ ਹੋਰ ਵੱਧ ਰਿਹਾ ਹੈ, ਜਿਸ ਕਾਰਨ ਅੱਜ ਪੰਜ ਜ਼ਿਲ੍ਹਿਆਂ ਜੀਂਦ, ਫਤਿਹਾਬਾਦ, ਫਰੀਦਾਬਾਦ, ਪਲਵਲ ਅਤੇ ਸਿਰਸਾ ਵਿੱਚ ਹੜ੍ਹ ਦਾ ਖ਼ਤਰਾ ਵੱਧ ਗਿਆ ਹੈ। ਸੂਬੇ ਵਿੱਚ ਹੁਣ ਤੱਕ 10 ਮੌਤਾਂ ਹੋ ਚੁੱਕੀਆਂ ਹਨ।
ਦੂਜੇ ਪਾਸੇ ਉੱਤਰਾਖੰਡ ਦੇ ਪੌੜੀ ਜ਼ਿਲੇ ‘ਚ ਬੁੱਧਵਾਰ ਨੂੰ 3 ਲੋਕ ਨਦੀ ‘ਚ ਰੁੜ੍ਹ ਗਏ। ਚਮੋਲੀ ਜ਼ਿਲੇ ‘ਚ 5 ਥਾਵਾਂ ‘ਤੇ ਜ਼ਮੀਨ ਖਿਸਕਣ ਕਾਰਨ ਬਦਰੀਨਾਥ ਹਾਈਵੇਅ ਬੰਦ ਹੈ। ਗੰਗੋਤਰੀ, ਯਮੁਨੋਤਰੀ ਅਤੇ ਰੁਦਰਪ੍ਰਯਾਗ ਹਾਈਵੇਅ ਵੀ ਬੰਦ ਹਨ। ਚਮੋਲੀ ਸਮੇਤ ਕਈ ਜ਼ਿਲ੍ਹਿਆਂ ਵਿੱਚ ਅੱਜ ਸਕੂਲ ਬੰਦ ਰਹਿਣਗੇ।
ਹਿਮਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕਣ ਅਤੇ 1189 ਸੜਕਾਂ ਦੇ ਬੰਦ ਹੋਣ ਕਾਰਨ ਕਰੀਬ 20,000 ਸੈਲਾਨੀ ਫਸੇ ਹੋਏ ਹਨ। ਉਹ ਅਜਿਹੇ ਖੇਤਰਾਂ ਵਿੱਚ ਫਸੇ ਹੋਏ ਹਨ ਜਿੱਥੇ ਬਿਜਲੀ ਨਹੀਂ ਹੈ ਅਤੇ ਫੋਨ ਨੈੱਟਵਰਕ ਨਹੀਂ ਹੈ।
24 ਜੂਨ ਤੋਂ ਸੂਬੇ ‘ਚ 88 ਲੋਕਾਂ ਦੀ ਮੌਤ ਹੋ ਚੁੱਕੀ ਹੈ। 51 ਥਾਵਾਂ ‘ਤੇ ਢਿੱਗਾਂ ਡਿੱਗੀਆਂ ਹਨ ਅਤੇ 32 ਥਾਵਾਂ ‘ਤੇ ਹੜ੍ਹ ਆ ਗਏ ਹਨ। ਮੁੱਖ ਮੰਤਰੀ ਨੇ ਇਸ ਨੂੰ 50 ਸਾਲਾਂ ਵਿੱਚ ਸੂਬੇ ਦੀ ਸਭ ਤੋਂ ਵੱਡੀ ਤ੍ਰਾਸਦੀ ਦੱਸਿਆ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h