ਯੂਕਰੇਨ ਇੱਕ ਸਾਬਕਾ ਸੋਵੀਅਤ ਗਣਰਾਜ ਹੈ ਜਿਸਦੀ ਸਰਹੱਦ ਇੱਕ ਪਾਸੇ ਰੂਸ ਅਤੇ ਦੂਜੇ ਪਾਸੇ ਯੂਰਪੀਅਨ ਯੂਨੀਅਨ ਨਾਲ ਲੱਗਦੀ ਹੈ। ਯੂਕਰੇਨ ‘ਚ ਰੂਸੀ ਮੂਲ ਦੇ ਲੋਕਾਂ ਦੀ ਵੱਡੀ ਆਬਾਦੀ ਹੈ ਅਤੇ ਰੂਸ ਨਾਲ ਸਮਾਜਿਕ ਅਤੇ ਸੱਭਿਆਚਾਰਕ ਸਬੰਧ ਹਨ। ਰਣਨੀਤਕ ਤੌਰ ‘ਤੇ ਰੂਸ ਇਸ ਨੂੰ ਆਪਣਾ ਹਿੱਸਾ ਮੰਨਦਾ ਰਿਹਾ ਹੈ ਅਤੇ ਹਾਲ ਹੀ ਵਿਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਕਿ ਯੂਕਰੇਨ ਅਸਲ ‘ਚ ਰੂਸ ਦਾ ਹਿੱਸਾ ਹੈ।
ਯੂਕਰੇਨ ਇਸ ਸਮੇਂ ਨਾਟੋ ਦਾ ਸਹਿਯੋਗੀ ਹੈ। ਇਸ ਦਾ ਮਤਲਬ ਹੈ ਕਿ ਇਹ ਸਮਝੌਤਾ ਹੈ ਕਿ ਯੂਕਰੇਨ ਨੂੰ ਭਵਿੱਖ ‘ਚ ਕਿਸੇ ਸਮੇਂ ਨਾਟੋ ‘ਚ ਸ਼ਾਮਲ ਕੀਤਾ ਜਾ ਸਕਦਾ ਹੈ। ਰੂਸ ਪੱਛਮੀ ਦੇਸ਼ਾਂ ਤੋਂ ਇਹ ਭਰੋਸਾ ਚਾਹੁੰਦਾ ਹੈ ਕਿ ਅਜਿਹਾ ਕਦੇ ਨਾ ਹੋਵੇ।
ਹਾਲਾਂਕਿ, ਅਮਰੀਕਾ ਅਤੇ ਉਸਦੇ ਸਹਿਯੋਗੀ ਯੂਕਰੇਨ ਨੂੰ ਨਾਟੋ ‘ਚ ਸ਼ਾਮਲ ਹੋਣ ਤੋਂ ਰੋਕਣ ਦੇ ਵਿਰੁੱਧ ਹਨ। ਉਹ ਦਲੀਲ ਦਿੰਦੇ ਹਨ ਕਿ ਯੂਕਰੇਨ ਇੱਕ ਸੁਤੰਤਰ ਰਾਸ਼ਟਰ ਹੈ ਜੋ ਆਪਣੀ ਸੁਰੱਖਿਆ ਬਾਰੇ ਫੈਸਲੇ ਲੈ ਸਕਦਾ ਹੈ ਅਤੇ ਗੱਠਜੋੜ ਬਣਾ ਸਕਦਾ ਹੈ।
ਕੀ ਹੈ ਨਾਟੋ ?
ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਇਜ਼ੇਸ਼ਨ ਭਾਵ ਨਾਟੋ 1949 ‘ਚ ਬਣਿਆ ਇਕ ਫੌਜੀ ਗਠਜੋੜ ਹੈ, ਜਿਸ ‘ਚ ਸ਼ੁਰੂਆਤ ‘ਚ 12 ਦੇਸ਼ ਸਨ, ਜਿਨ੍ਹਾਂ ‘ਚੋਂ ਅਮਰੀਕਾ, ਕੈਨੇਡਾ, ਬ੍ਰਿਟੇਨ ਅਤੇ ਫਰਾਂਸ ਸ਼ਾਮਿਲ ਸਨ। ਇਸ ਸੰਗਠਨ ਦਾ ਮੂਲ ਸਿਧਾਂਤ ਇਹ ਹੈ ਕਿ ਜੇਕਰ ਕਿਸੇ ਇੱਕ ਮੈਂਬਰ ਦੇਸ਼ ‘ਤੇ ਹਮਲਾ ਹੁੰਦਾ ਹੈ ਤਾਂ ਬਾਕੀ ਦੇਸ਼ ਉਸ ਦੀ ਮਦ ਲਈ ਅੱਗੇ ਆਉਣਗੇ।