ਕੈਨੇਡਾ ਜਾਣ ਵਾਲਿਆਂ ਯਾਤਰੀਆਂ ਲਈ ਇਕ ਖੁਸ਼ਖਬਰੀ ਸਾਹਮਣੇ ਆਈ ਹੈ। ਕੋਰੋਨਾ ਦੇ ਮੱਦੇਨਜ਼ਰ ਭਾਰਤ ਤੋਂ ਕੈਨੇਡਾ ਜਾਣ ਵਾਲਿਆਂ ਲਈ ਸਿੱਧੀ ਉਡਾਣ ਕਾਫੀ ਸਮੇਂ ਤੋਂ ਬੰਦ ਸਨ ਪਰ ਅੱਜ ਭਾਰਤ ਤੋਂ ਕੈਨੇਡਾ ਲਈ ਸਿੱਧੀ ਉਡਾਣ ਸ਼ੁਰੂ ਹੋਣ ਜਾ ਰਹੀ ਹੈ। ਇੱਕ ਵਾਰ ਫਿਰ ਸਿੱਧੀ ਉਡਾਣਾਂ ਸ਼ੁਰੂ ਹੋਣ ਨਾਲ ਵਿਦਿਆਰਥੀ ਤੇ ਹੋਰ ਲੋਕ ਜੋ ਕੈਨੇਡਾ ਨਹੀਂ ਜਾ ਪਾ ਰਹੇ ਸੀ, ਹੁਣ ਅਸਾਨੀ ਨਾਲ ਕੈਨੇਡਾ ਜਾ ਸਕਣਗੇ।
ਮੀਡੀਆ ਰਿਪੋਰਟ ਦੇ ਮੁਤਾਬਿਕ ਕੈਨੇਡਾ ਦੀ ਸਭ ਤੋਂ ਵੱਡੀ ਏਅਰਲਾਈਨ ਕੰਪਨੀ ਏਅਰ ਕੈਨੇਡਾ ਨੇ ਚਾਰ ਮਹੀਨਿਆਂ ਦੀ ਲੰਮੀ ਮੁਅੱਤਲੀ ਤੋਂ ਬਾਅਦ ਭਾਰਤ ਵਿੱਚ ਆਪਣੀਆਂ ਉਡਾਣਾਂ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਹੁਣ ਏਅਰ ਕੈਨੇਡਾ ਦਾ ਕਹਿਣਾ ਹੈ ਕਿ ਟੋਰਾਂਟੋ ਜਾਣ ਦੀ ਯੋਜਨਾ ਬਣਾ ਰਹੇ ਯਾਤਰੀਆਂ ਨੂੰ ਯਾਤਰਾ ਤੋਂ 18 ਘੰਟੇ ਪਹਿਲਾਂ ਆਰਟੀ-ਪੀਸੀਆਰ ਟੈਸਟ ਜਾਂ ਰੈਪਿਡ ਪੀਸੀਆਰ ਟੈਸਟ ਕਰਵਾਉਣਾ ਪਏਗਾ। ਏਅਰ ਕੈਨੇਡਾ ਨੇ ਯੂਜ਼ਰ ਨੂੰ ਟਵਿੱਟਰ ‘ਤੇ ਕਿਹਾ ਕਿ ਉਹ ਦਿੱਲੀ ਲਈ ਉਡਾਣ ਦੁਬਾਰਾ ਸ਼ੁਰੂ ਕਰ ਰਹੀ ਹੈ।
ਦੱਸ ਦੇਈਏ ਕਿ ਅਗਸਤ ਮਹੀਨੇ ਵਿੱਚ ਕੈਨੇਡਾ ਨੇ ਭਾਰਤ ਤੋਂ ਆਉਣ ਵਾਲੀਆਂ ਯਾਤਰੀ ਉਡਾਣਾਂ ‘ਤੇ ਲਗਾਈ ਪਾਬੰਦੀ ਨੂੰ ਵਧਾ ਦਿੱਤਾ ਸੀ। ਕੈਨੇਡਾ ਨੇ ਭਾਰਤ ਤੋਂ ਆਉਣ ਵਾਲੀਆਂ ਯਾਤਰੀ ਉਡਾਣਾਂ ‘ਤੇ ਪਾਬੰਦੀ 21 ਸਤੰਬਰ 2021 ਤੱਕ ਵਧਾਉਣ ਦਾ ਐਲਾਨ ਕੀਤਾ ਸੀ। ਗੌਰਤਲਬ ਹੈ ਕਿ ਕੈਨੇਡਾ ਵਿੱਚ ਪਹਿਲੀ ਵਾਰ 22 ਅਪ੍ਰੈਲ ਨੂੰ ਪਾਬੰਦੀ ਲਗਾਈ ਗਈ ਸੀ।