ਜਦੋਂ ਕੋਈ ਗੈਂਗਸਟਰ ਮਾਰਿਆ ਜਾਂਦਾ ਤਾਂ ਲੋਕ ਆਪਣੇ ਵੱਲੋਂ ਵੱਡੀਆਂ ਵੱਡੀਆਂ ਅਤੇ ਸਿਆਣੀਆਂ ਸਿਆਣੀਆਂ ਗੱਲਾਂ ਕਰਨ ਲੱਗ ਪੈਂਦੇ ਨੇ। ਸਭ ਤੋਂ ਆਮ ਜਿਹੀ ਗੱਲ ਇਹ ਕੀਤੀ ਜਾਂਦੀ ਹੈ ਕਿ ਗੈਂਗਸਟਰਾਂ ਨੂੰ ਸਿਆਸੀ ਬੰਦੇ ਪੈਦਾ ਕਰਦੇ ਨੇ ‘ਤੇ ਕੰਮ ਕੱਢਵਾ ਕੇ ਮਰਵਾ ਦਿੰਦੇ ਨੇ।
ਜਦੋਂ ਕਿ ਗੈਂਗਸਟਰ ਕਦੇ ਵੀ ਐਨੀ ਛੋਟੀ ਸਮਝ ਵਾਲਾ ਨਹੀਂ ਹੁੰਦਾ ਕਿ ਕੋਈ ਸਿਆਸੀ ਬੰਦਾ ਉਸ ਨੂੰ ਪੈਦਾ ਕਰੇ। ਗੁੰਡਾ ਬਜ਼ਾਰ ਚੋਂ ਫੜ ਕੇ ਪੈਦਾ ਨਹੀਂ ਕੀਤਾ ਜਾ ਸਕਦਾ। ਕਿਉਂਕਿ ਦਲੇਰੀ ਬਜ਼ਾਰ ‘ਚੋਂ ਨਹੀਂ ਮਿਲਦੀ।
ਅਸਲ ਵਿੱਚ ਗੈਂਗਸਟਰ ਉਹ ਲੋਕ ਹੁੰਦੇ ਨੇ ਜਿੰਨਾ ਨੂੰ ਸਮਝ ਆ ਜਾਂਦੀ ਹੈ ਕਿ ਸੱਤਾ ਨਾਗਰਿਕ ਸ਼ਾਸਤਰ ਦੇ ਗ੍ਰੰਥ ਪੜ ਕੇ ਨਹੀਂ, ਸਗੋਂ ਹਥਿਆਰ ਨਾਲ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਜਿਸ ਕੋਲ ਜਿੱਡਾ ਵੱਡਾ ਹਥਿਆਰ ਹੁੰਦਾ ਅਤੇ ਜਿੰਨਾ ਵਧੀਆ ਚਲਾਉਣ ਦਾ ਹੁਨਰ ਹੁੰਦਾ, ਉਸ ਨੂੰ ਸੱਤਾ ਵਿੱਚ ਉਨਾਂ ਹੀ ਵੱਡਾ ਹਿੱਸਾ ਮਿਲ ਜਾਂਦਾ।
ਗੈਂਗਸਟਰ ਦੀ ਬੁੱਧੀ ਆਮ ਬੰਦੇ ਨਾਲੋਂ ਜ਼ਿਆਦਾ ਤੇਜ਼ ਹੁੰਦੀ ਆ। ਗੈਂਗਸਟਰ ਕੋਲ ਦਲੇਰੀ ਵੀ ਹੁੰਦੀ ਆ ਜੋ ਆਮ ਬੰਦਿਆਂ ਕੋਲ ਨਹੀਂ ਹੁੰਦੀ।
ਸਟੇਟ ਦੇ ਢਾਂਚੇ ਅੰਦਰ ਵੀ ਬਹੁਤ ਸਾਰੀਆਂ ਧਿਰਾਂ ਦੀ ਆਪਸ ‘ਚ ਲੜਾਈ ਚੱਲਦੀ ਰਹਿੰਦੀ ਹੈ। ਆਮ ਬੰਦੇ ਵਾਂਗ ਗੈਂਗਸਟਰ ਇਹ ਨਹੀਂ ਸੋਚਦਾ ਕਿ ਜੇ ਅਕਾਲੀਆਂ ਦੀ ਥਾਂ ‘ਤੇ ਕਾਂਗਰਸ ਦੀ ਸਰਕਾਰ ਆ ਜਾਵੇ ਤੇ ਕਾਂਗਰਸ ਦੀ ਥਾਂ ‘ਤੇ ਆਮ ਆਦਮੀ ਪਾਰਟੀ ਦੀ ਤਾਂ ਇਨਕਲਾਬ ਆ ਜਾਊ।
ਉਹ ਪੁਲਿਸ ਦੇ ਕਹਿਣ ‘ਤੇ #ਮੈਂਵੀਫਲਾਣਾ_ਸਿੰਘ ਹੈਸ਼ਟੈਗ ਟਰੈਂਡ ਨਹੀਂ ਕਰਵਾਉਂਦਾ। ਗੈਂਗਸਟਰ ਸਟੇਟ ਦੇ ਢਾਂਚੇ ਨੂੰ ਸਮਝਦਾ ਹੈ। ਉਸ ਨੂੰ ਪਤਾ ਹੈ ਕਿ ਪੁਲਿਸ ਲੋਕ ਸੇਵਾ ਵਾਸਤੇ ਨਹੀਂ ਸਗੋਂ ਸਟੇਟ ਦੀ ਸੇਵਾ ਵਾਸਤੇ ਹੈ। ਉਸ ਦੇ ਮਨ ‘ਚ ਕੋਈ ਵਹਿਮ ਨਹੀਂ ਹੁੰਦਾ। ਉਹ ਪੁਲਿਸ ਦੇ ਇਕ ਹਿੱਸੇ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਅਤੇ ਦੂਜੇ ਹਿੱਸੇ ਨਾਲ ਉਸ ਦੀ ਯਾਰੀ ਹੁੰਦੀ ਹੈ। ਉਸ ਨੂੰ ਪਤਾ ਹੁੰਦਾ ਕਿ ਪੁਲਿਸ ਨਾਲ ਚੰਗੇ ਸਬੰਧਾਂ ਨੂੰ ਪੁਲਿਸ ਤੋਂ ਬਚਣ ਲਈ ਕਿਵੇਂ ਵਰਤਣਾ। ਜੇ ਫੜੇ ਵੀ ਗਏ ਤਾਂ ਜੇਲ ‘ਚ ਬਹਿ ਕੇ ਆਪਣਾ ਸਾਮਰਾਜ ਕਿਵੇਂ ਚਲਾਉਣਾ ਹੈ। ਅਜਿਹੇ ਹੀ ਰਿਸ਼ਤੇ ਗੈਂਗਸਟਰ ਸਿਆਸਤਦਾਨਾਂ ਨਾਲ ਵੀ ਬੁਣਦਾ ਹੈ।
ਸੋ ਗੈਂਗਸਟਰ ਇਕ ਚੰਗਾ ਲੜਾਕਾ ਹੋਣ ਦੇ ਨਾਲ ਨਾਲ ਚੰਗਾ ਕਾਰੋਬਾਰੀ ਵੀ ਹੁੰਦਾ ਹੈ।
ਉਸ ਨੂੰ ਪਤਾ ਹੁੰਦਾ ਕਿ ਸਟੇਟ ਦੇ ਅੰਦਰ ਵੀ ਇਕ ਸਟੇਟ ਖੜੀ ਕੀਤੀ ਜਾ ਸਕਦੀ ਹੈ। ਸਟੇਟ ਦੇ ਅੰਦਰ ਆਪਣੀ ਸਟੇਟ ਖੜੀ ਕਰਨਾ ਹੀ ਗੈਂਗਸਟਰ ਦਾ ਸੁਪਨਾ ਹੁੰਦਾ ਹੈ। ਗੈਂਗਸਟਰ ਇਸ ਤਰ੍ਹਾਂ ਸਟੇਟ ਦੀ ਸੱਤਾ ‘ਚੋਂ ਆਪਣਾ ਹਿੱਸਾ ਲੈਂਦੇ ਨੇ।
ਅਕਸਰ ਗੈਂਗਸਟਰ ਅਜਿਹੇ ਕੰਮ ਕਰਨਾ ਚਾਹੁੰਦੇ ਨੇ ਜਿਸ ਨਾਲ ਲੋਕ ਉਨ੍ਹਾਂ ਨੂੰ ਚੰਗਾ ਸਮਝਣ। ਅਸਲ ਵਿੱਚ ਉਨ੍ਹਾਂ ਦੀ ਕੋਸ਼ਿਸ਼ ਹੁੰਦੀ ਆ ਕਿ ਸੱਤਾ ਦੇ ਵੱਡੇ ਸਾਮਰਾਜ ਦੇ ਚੁੰਗਲ ‘ਚ ਫਸੇ ਲੋਕ ਉਨ੍ਹਾਂ ਦੁਆਰਾ ਖੜੀ ਕੀਤੀ ਗਈ ਸਟੇਟ, ਭਾਵੇਂ ਛੋਟੀ ਹੀ ਸੀ, ਵੱਲ ਧਿਆਨ ਦੇਣ। ਉਨ੍ਹਾਂ ਦੀ ਵਾਕਿਆ ਹੀ ਇਹ ਕੋਸ਼ਿਸ਼ ਹੁੰਦੀ ਹੈ ਕਿ ਉਹ ਲੋਕਾਂ ਨੂੰ ਦੱਸਣ ਕਿ ਜੇ ਸਾਰੀ ਸੱਤਾ ਉਨ੍ਹਾਂ ਹੱਥ ਆ ਜਾਵੇ ਤਾਂ ਉਹ ਲੋਕਾਂ ਦਾ ਕਿੰਨਾ ਭਲਾ ਕਰ ਸਕਦੇ ਨੇ।
ਪਰ ਲੋਕਾਂ ਦਾ ਦਿਮਾਗ ਸਟੇਟ ਬੰਦ ਕਰਕੇ ਰੱਖਦੀ ਹੈ ਅਤੇ ਗੈਂਗਸਟਰ ਲੋਕਾਂ ਲਈ ਟੀਵੀ ਡਰਾਮੇ ਤੋਂ ਵੱਧ ਕੁੱਝ ਨਹੀਂ ਹੁੰਦੇ।
ਮ੍ਰਿਗ ਤ੍ਰਿਸ਼ਨਾ ਦਾ ਸ਼ਿਕਾਰ ਗੈਂਗਸਟਰ ਇਕ ਦਿਨ ਉਹ ਲਾਈਨ ਪਾਰ ਕਰ ਬਹਿੰਦਾ ਜਿਹੜੀ ਉਸ ਨੇ ਨਹੀਂ ਕਰਨੀ ਸੀ। ਉਹ ਆਪਣੀ ਸੱਤਾ ਵਿੱਚ ਛੋਟੀ ਜਿਹੀ ਹਿੱਸੇਦਾਰੀ ਨਾਲ ਸਟੇਟ ਨੂੰ ਚਨੌਤੀ ਦੇ ਬਹਿੰਦਾ। ਇਹ ਜਾਣੇ ਵਿੱਚ ਵੀ ਹੋ ਜਾਂਦਾ ਤੇ ਕਦੇ ਕਦੇ ਅਣਜਾਣੇ ਵਿੱਚ ਵੀ।
ਇਹ ਉਹ ਸਮਾਂ ਹੁੰਦਾ ਜਦੋਂ ਸਟੇਟ ਗੈਂਗਸਟਰ ਦਾ ਅੰਤ ਤੈਅ ਕਰਦੀ ਹੈ। ਇਨਕਾਉਂਟਰ ਕਰਦੀ ਹੈ। ਗੈਂਗਸਟਰ ਦੀ ਜ਼ਿੰਦਗੀ ਦਾ ਇਹ ਕਲਾਈਮੈਕਸ ਆਮ ਲੋਕਾਂ ਲਈ ਨਸ਼ੇ ਦੀ ਇਕ ਝੁੱਟੀ ਵਰਗਾ ਹੁੰਦਾ। ਇਹ ਕਲਾਈਮੈਕਸ ਲੋਕਾਂ ਨੂੰ ਝੂਠਾ ਅਹਿਸਾਸ ਦਿਵਾਉਂਦਾ ਕਿ ਉਹ ਕਿੰਨੇ ਸਿਆਣੇ ਨੇ। ਉਹ ਗੈਂਗਸਟਰ ਨਹੀਂ ਬਣੇ, ਚੰਗਾ ਹੋਇਆ, ਉਨ੍ਹਾਂ ਨੇ ਸੱਤਾ ਵਿੱਚ ਹਿੱਸਾ ਲੈਣ ਦੀ ਕੋਸ਼ਿਸ਼ ਨਹੀਂ ਕੀਤੀ। ਨਹੀਂ ਤਾਂ ਉਨ੍ਹਾਂ ਦਾ ਵੀ ਇਹੀ ਹਸ਼ਰ ਹੁੰਦਾ। ਇਹ ਸੋਚ ਕੇ ਆਮ ਲੋਕ ਚੈਨ ਦੀ ਨੀਂਦ ਸੌਂ ਜਾਂਦੇ ਨੇ।
ਗੈਂਗਸਟਰਾਂ ਅਤੇ ਨਿਹੰਗਾਂ ਵਿੱਚ ਬਹੁਤ ਫਰਕ ਨਹੀਂ ਹੁੰਦਾ। ਦੋਵੇਂ ਹੀ ਸੱਤਾ ਨੂੰ ਟਿੱਚ ਕਰਕੇ ਜਾਨਣਾ ਚਾਹੁੰਦੇ ਨੇ। ਪਰ ਇਕ ਵੱਡਾ ਫਰਕ ਜੋ ਨਿਹੰਗ ਅਤੇ ਗੈਂਗਸਟਰ ‘ਚ ਹੁੰਦਾ ਉਹ ਹੈ ਕਿ ਇਕ ਤਾਂ ਨਿਹੰਗ ‘ਤੇ ਧਰਮ ਦਾ ਕੁੰਡਾ ਹੁੰਦਾ। ਦੂਜਾ ਨਿਹੰਗ ਦੁਨਿਆਵੀ ਸਟੇਟ ਨੂੰ ਨਹੀਂ ਸਗੋਂ ਅਕਾਲ ਪੁਰਖ ਦੀ ਸੱਤਾ ਨੂੰ ਸਮਰਪਿਤ ਹੁੰਦੇ ਨੇ।
ਪਰ ਇਹ ਗੱਲ ਵੀ ਹੈ ਕਿ ਜਦੋਂ ਕੋਈ ਗੈਂਗਸਟਰ ਮੁਕਾਬਲੇ ‘ਚ ਮਰਦਾ ਤਾਂ ਉਹ ਵੀ ਕਿਤੇ ਨਾ ਕਿਤੇ ਦੁਨਿਆਵੀ ਸੱਤਾ ਦੇ ਲੋਭ ਤੋਂ ਮੁਕਤ ਹੋ ਕੇ ਅਕਾਲ ਪੁਰਖ ਦੀ ਸੱਤਾ ਅਧੀਨ ਹੋਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ। ਗੈਂਗਸਟਰ ਦੇ ਧਰਮ ਦੇ ਕੁੰਡੇ ਹੇਠ ਆਉਣ ਅਤੇ ਅਕਾਲ ਪੁਰਖ ਨੂੰ ਸਮਰਪਿਤ ਹੋਣ ਦੀ ਕੋਸ਼ਿਸ਼ ਨੂੰ ਸਟੇਟ ਕਦੇ ਵੀ ਬਰਦਾਸ਼ਤ ਨਹੀਂ ਕਰਦੀ ਅਤੇ ਬਹੁਤੀ ਵਾਰ ਇਸ ਬਿੰਦੂ ‘ਤੇ ਆ ਕੇ ਵੀ ਸਟੇਟ ਵਲੋਂ ਫੈਸਲਾ ਕੀਤਾ ਜਾਂਦਾ ਕਿ ਹੁਣ ਗੈਂਗਸਟਰ ਜਿਉਂਦਾ ਰਹੂ ਕਿ ਮਰੂ।
ਗੈਂਗਸਟਰ ਦੀ ਮੌਤ ਉਨ੍ਹਾਂ ਹਜ਼ਾਰਾਂ ਲੱਖਾਂ ਲੋਕਾਂ ਦੀ ਮੌਤ ਨਾਲੋਂ ਕਿਤੇ ਬਿਹਤਰ ਹੈ ਜੋ ਜਿਹੜੀ ਸੱਤਾ ਦੇ ਅਧੀਨ ਰਹਿ ਕੇ ਕਦੇ ਢਿੱਡ ਦੀ ਭੁੱਖ, ਕਦੇ ਆਕਸੀਜਨ ਦੀ ਕਮੀਂ, ਕਦੇ ਇਲਾਜ ਦੀ ਕਮੀਂ ਅਤੇ ਸਟੇਟ ਵਲੋਂ ਜ਼ਿੰਦਗੀ ਨੂੰ ਦੁਸ਼ਵਾਰ ਬਣਾਉਣ ਲਈ ਘੜੇ ਹੋਰ ਹਜ਼ਾਰਾਂ ਤਰੀਕਿਆਂ ਨਾਲ ਮਰਦੇ ਨੇ। ਅਤੇ ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਬੱਚੇ ਅੱਗੇ ਆਪਣੇ ਬੱਚਿਆਂ ਨੂੰ ਰਾਸ਼ਟਰੀ ਗੀਤ ਸਿਖਾ ਰਹੇ ਹੁੰਦੇ ਨੇ। ਸਿਖਾ ਰਹੇ ਹੁੰਦੇ ਨੇ ਕਿ ਗੈਂਗਸਟਰ ਨਾ ਬਣਿਉ, ਪਰ ਪੁਲਿਸ ਬਣ ਜਾਇਓ।