ਅੱਜ ਭਾਵ 8 ਅਗਸਤ ਨੂੰ ਪੂਰੇ ਪੰਜਾਬ ਭਰ ‘ਚ ਪਟਵਾਰੀ ਦੀ ਪ੍ਰੀਖਿਆ ਦੇਣ ਲਈ ਭਾਰੀ ਗਿਣਤੀ ‘ਚ ਕੈਂਡੀਡੇਟਸ ਵੱਖ-ਵੱਖ ਪ੍ਰੀਖਿਆ ਸੈਂਟਰਾਂ ‘ਤੇ ਪਹੁੰਚੇ ਹਨ।ਦੱਸ ਦੇਈਏ ਪਟਵਾਰੀ ਦੀ ਪ੍ਰੀਖਿਆ ਲਈ ਚੰਡੀਗੜ੍ਹ ਦੇ ਸੈਕਟਰ 32 ‘ਚ ਇੱਕ ਕਾਲਜ ‘ਚ ਟੈਸਟ ਦੇਣ ਗਏ ਅੰਮ੍ਰਿਤਧਾਰੀ ਸਿੱਖ ਨੌਜਵਾਨਾਂ ਅਤੇ ਲੜਕੀਆਂ ਨੂੰ ਕਕਾਰ ਉਤਾਰਨ ਲਈ ਮਜ਼ਬੂਰ ਕਰਨ ਦੀ ਸ਼ਰਮਨਾਕ ਹਰਕਤ ਸਾਹਮਣੇ ਆਈ ਹੈ।
ਜਿਸਦਾ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਸਖਤ ਸ਼ਬਦਾਂ ‘ਚ ਨਿੰਦਾ ਕੀਤੀ ਹੈ।ਉਨ੍ਹਾਂ ਨੇ ਇਹ ਘਿਨਾਉਣੀ ਹਰਕਤ ‘ਤੇ ਸਖਤ ਨੋਟਿਸ ਲਿਆ ਹੈ।ਸ਼੍ਰੋਮਣੀ ਪ੍ਰਧਾਨ ਬੀਬੀ ਜਗੀਰ ਕੌਰ ਦਾ ਕਹਿਣਾ ਹੈ ਕਿ ਅੰਮ੍ਰਿਤਧਾਰੀ ਸਿੱਖ ਲਈ ਕਕਾਰ ਰਹਿਤ ਦਾ ਅਹਿਮ ਹਿੱਸਾ ਹਨ ਜਿਨ੍ਹਾਂ ਨੂੰ ਸਰੀਰ ਤੋਂ ਵੱਖ ਨਹੀਂ ਕੀਤਾ ਜਾ ਸਕਦਾ।ਉਨਾਂ੍ਹ ਕਿਹਾ ਕਿ ਸਾਡਾ ਦੇਸ਼ ਭਾਰਤ ਬਹੁ-ਧਰਮੀ ਦੇਸ਼ ਹੈ, ਜਿਸਦਾ ਸੰਵਿਧਾਨ ਹਰੇਕ ਨੂੰ ਆਪਣੇ ਆਪਣੇ ਧਰਮ ਅਨੁਸਾਰ ਰਹਿਣ ਦੀ ਆਗਿਆ ਦਿੰਦਾ ਹੈ।ਅਜਿਹੇ ‘ਚ ਨੌਜਵਾਨਾਂ ਨੂੰ ਟੈਸਟ ‘ਚ ਬੈਠਣ ਲਈ ਕਕਾਰ ਉਤਾਰਨ ਲਈ ਮਜ਼ਬੂਰ ਕਰਨ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।ਦੱਸਣਯੋਗ ਹੈ ਕਿ ਨੌਜਵਾਨਾਂ ਦੇ ਵਿਰੋਧ ਕਰਨ ਤੋਂ ਬਾਅਦ ਕੜੇ ਅਤੇ ਸ੍ਰੀ ਸਾਹਿਬ ‘ਤੇ ਟੇਪ ਲਗਾ ਕੇ ਟੈਸਟ ‘ਚ ਬੈਠਣ ਦੀ ਆਗਿਆ ਦਿੱਤੀ ਗਈ।