ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਪ੍ਰੈੱਸ ਕਾਨਫਰੰਸ ਕਰ ਕੇ ਅਹਿਮ ਐਲਾਨ ਕੀਤਾ ਹੈ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਕੈਬਨਿਟ ’ਚ ਅੱਜ ਅਹਿਮ ਮੁੱਦੇ ’ਤੇ ਚਰਚਾ ਕੀਤੀ ਗਈ। ਪ੍ਰੈੱਸ ਕਾਨਫਰੰਸ ’ਚ ਉਨ੍ਹਾਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹੁਣ ਸਾਰਿਆਂ ਨੂੰ ਮੁਫ਼ਤ ਬਿਜਲੀ ਨਹੀਂ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਜੋ ਵੀ ਸ਼ਖਸ ਬਿਜਲੀ ਸਬਸਿਡੀ ਲੈਣਾ ਚਾਹੁੰਦਾ ਹੈ, ਉਸ ਨੂੰ ਮਿਲੇਗੀ ਅਤੇ ਜੋ ਸ਼ਖਸ ਨਹੀਂ ਲੈਣਾ ਚਾਹੁੰਦਾ ਉਸ ਨੂੰ ਨਹੀਂ ਦਿੱਤੀ ਜਾਵੇਗੀ। ਮਤਲਬ ਇਹ ਹੈ ਕਿ ਇਹ ਵਿਵਸਥਾ ਬਦਲਵੇਂ ਤੌਰ ’ਤੇ ਮਿਲੇਗੀ। ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਜੋ ਵੀ ਸਮਰੱਥ ਲੋਕ ਸਬਸਿਡੀ ਛੱਡਣਾ ਚਾਹੁੰਦੇ ਹਨ, ਉਹ ਆਗਾਮੀ 1 ਅਕਤੂਬਰ ਤੋਂ ਪੂਰਾ ਬਿੱਲ ਜਮਾਂ ਕਰਵਾ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਦਿੱਲੀ ਸਰਕਾਰ ਇਕ ਅਕਤੂਬਰ ਤੋਂ ਉਨ੍ਹਾਂ ਉਪਭੋਗਤਾਵਾਂ ਨੂੰ ਬਿਜਲੀ ਸਬਸਿਡੀ ਦੇਵੇਗੀ, ਜਿਨ੍ਹਾਂ ਨੇ ਇਸ ਬਦਲ ਚੁਣਿਆ ਹੋਵੇਗਾ। ਦੱਸ ਦੇਈਏ ਕਿ ਦਿੱਲੀ ਦੇ ਉਪਭੋਗਤਾਵਾਂ ਨੂੰ ਮੌਜੂਦਾ ਸਮੇਂ ’ਚ 200 ਯੂਨਿਟ ਤੱਕ ਕੋਈ ਬਿੱਲ ਨਹੀਂ ਭਰਨਾ ਹੁੰਦਾ, ਜਦਕਿ ਹਰ ਮਹੀਨੇ 201 ਤੋਂ 400 ਯੂਨਿਟ ਬਿਜਲੀ ਦੀ ਖਪਤ ’ਤੇ 800 ਰੁਪਏ ਦੀ ਸਬਸਿਡੀ ਮਿਲਦੀ ਹੈ। ਕੇਜਰੀਵਾਲ ਨੇ ਇਹ ਵੀ ਸਾਫ਼ ਕੀਤਾ ਕਿ ਅਸੀਂ ਇਹ ਆਪਸ਼ਨ ਰੱਖਾਂਗੇ ਕਿ ਬਿਜਲੀ ਦੀ ਸਬਸਿਡੀ ਚਾਹੀਦੀ ਹੈ ਜਾਂ ਨਹੀਂ।
ਕੇਜਰੀਵਾਲ ਨੇ ਕਿਹਾ ਕਿ ਦਿੱਲੀ ਅੰਦਰ ਅਸੀਂ ਬਿਜ਼ਨੈੱਸ ਦਾ ਮਾਹੌਲ ਬਣਾਉਣ ਲਈ ਬਹੁਤ ਸਾਰੇ ਕਦਮ ਚੁੱਕੇ ਹਨ। ਇਸ ਵਾਰ ਤਾਂ ਨਵੀਂ ਊਰਜਾ ਅਤੇ ਬਿਜ਼ਨੈੱਸ ਦਾ ਮਾਹੌਲ ਬਣਾਉਣ ਲਈ ਦਿੱਲੀ ਦੇ ਬਜਟ ’ਚ ਬਹੁਤ ਸਾਰੀਆਂ ਵਿਵਸਥਾਵਾਂ ਕੀਤੀਆਂ ਗਈਆਂ ਹਨ। ਦਿੱਲੀ ਦੇ ਸਕੂਲਾਂ ਅੰਦਰ 9 ਤੋਂ 12ਵੀਂ ਜਮਾਤ ਦੇ ਬੱਚਿਆਂ ਨੂੰ ਬਿਜ਼ਨੈੱਸ ਕਰਨਾ ਸਿਖਾਇਆ ਜਾ ਰਿਹਾ ਹੈ। ਇਹ ਬਿਜ਼ਨੈੱਸ ਬਲਾਸਟਰ ਪ੍ਰੋਗਰਾਮ ਕਾਲਜਾਂ ਅੰਦਰ ਵੀ ਸ਼ੁਰੂ ਕੀਤੀਆਂ ਜਾਣਗੀਆਂ। ਕਾਲਜਾਂ ’ਚ ਵਿਦਿਆਰਥੀਆਂ ਨੂੰ ਡਿਗਰੀ ਲੈਣ ਮਗਰੋਂ ਨੌਕਰੀ ਲੱਭਣ ਦੀ ਬਜਾਏ ਆਪਣਾ ਬਿਜ਼ਨੈੱਸ ਕਰਨ ਲਈ ਤਿਆਰ ਕੀਤਾ ਜਾਵੇਗਾ। ਇਸ ਲਈ ਉਨ੍ਹਾਂ ਨੂੰ ਪੂਰੀ ਮਦਦ ਦਿੱਤੀ ਜਾਵੇਗੀ।