ਪਿਛਲੇ ਇੱਕ ਹਫ਼ਤੇ ਤੋਂ ਸਵੇਜ ਨਹਿਰ ‘ਚ ਫਸਿਆ ਜਹਾਜ਼ ਨਿਕਲ ਗਿਆ ਹੈ। ਦੁਨੀਆਂ ਦੇ ਸਭ ਤੋਂ ਵੱਧ ਵਰਤੇ ਜਾਣ ਵਾਲੇ ਸਮੁੰਦਰੀ ਵਪਾਰਕ ਮਾਰਗਾਂ ਵਿਚੋਂ ਸਵੇਜ਼ ਨਹਿਰ ਦਾ ਨਾਮ ਪ੍ਰਮੁੱਖ ਹੈ। ਜਿਸ ਵਿੱਚ 23 ਮਾਰਚ ਤੋਂ ਇਤਿਹਾਸਿਕ ਸਮੁੰਦਰੀ ਟਰੈਫ਼ਿਕ ਜਾਮ ਲੱਗਾ ਹੋਇਆ ਸੀ। ਇਸਦਾ ਮੁੱਖ ਕਾਰਨ ਏਵਰਗ੍ਰੀਨ ਬੇੜੇ ਦਾ ਜਹਾਜ਼ ਸੀ ਜੋ ਮੌਸਮੀ ਅਤੇ ਹੋਰ ਤਕਨੀਕੀ ਖਰਾਬੀ ਕਾਰਨ ਟੇਢੇ ਰੁਕ ਇਸ ਨਹਿਰ ਵਿੱਚ ਫਸ ਗਿਆ।
ਪਹਿਲਾਂ ਇਹ ਜਾਣਕਾਰੀ ਆਈ ਸੀ ਕਿ ਇਹ ਜਹਾਜ਼ ਨਿਕਲਣਾ ਸ਼ੁਰੂ ਹੋ ਗਿਆ ਹੈ ਅਤੇ ਪਾਣੀ ਵਿੱਚ ਤੈਰਨ ਲੱਗਿਆ ਹੈ। ਖ਼ਬਰ ਏਜੰਸੀ ਰਾਇਟਰਜ਼ ਨੇ ਇੰਚਕੈਪ ਸ਼ਿਪਿੰਗ ਸਰਵਿਸਿਜ਼ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਸੀ। ਪਰ ਹੁਣ ਖਬਰ ਆ ਰਹੀ ਹੈ ਕਿ ਇਹ ਸਮੁੰਦਰੀ ਲਾਂਘਾ ਆਵਾਜਾਈ ਲਈ ਖੁੱਲ੍ਹ ਚੁੱਕਾ ਹੈ।
ਯੂਰਪ ਅਤੇ ਏਸ਼ੀਆ ਵਿਚਕਾਰ ਇਸ ਸਭ ਤੋਂ ਤੰਗ ਸਮੁੰਦਰੀ ਰਾਹ ਦੇ ਬੰਦ ਹੋਣ ਕਾਰਨ ਦੋਵੇਂ ਪਾਸੇ ਟ੍ਰੈਫਿਕ ਜਾਮ ਲੱਗਣ ਨਾਲ ਇੰਨਾ ਪ੍ਰਭਾਵ ਪਿਆ ਕਿ ਘੱਟੋ ਘਟ 369 ਜਹਾਜ਼ ਨਹਿਰ ਦਾ ਰਸਤਾ ਖੁੱਲਣ ਦਾ ਇੰਤਜ਼ਾਰ ਕਰ ਰਹੇ ਸਨ। ਕਈ ਜਹਾਜ਼ਾਂ ਨੂੰ ਅਫ਼ਰੀਕਾ ਵੱਲ ਵੀ ਮੋੜਨਾ ਪਿਆ ਸੀ।
ਜ਼ਿਕਰਯੋਗ ਹੈ ਕਿ ਇਸ ਮਾਰਗ ਰਾਹੀਂ ਰੋਜ਼ਾਨਾ ਤਕਰੀਬਨ 9.6 ਬਿਲੀਅਨ ਡਾਲਰ ਦਾ ਵਪਾਰ ਹੁੰਦਾ ਹੈ। ਇਸ ਜਾਮ ਨਾਲ ਕਈ ਦੇਸ਼ਾਂ ਨੂੰ ਆਰਥਿਕ ਘਾਟਾ ਪਿਆ ਅਤੇ ਕਈ ਤਰਾਂ ਦੇ ਉਤਪਾਦ ਮਹਿੰਗੇ ਹੋਣ ਦਾ ਵੀ ਖਦਸ਼ਾ ਹੈ।