ਦੇਸ਼ ‘ਚ ਆਏ ਦਿਨ ਕੋਰੋਨਾ ਮਹਾਮਾਰੀ ਦੌਰਾਨ ਤੇਲ ਦੀਆਂ ਕੀਮਤਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ, ਤੇਲ ਦੀਆਂ ਸਰਕਾਰੀ ਕੰਪਨੀਆਂ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ। ਕੋਰੋਨਾ ਦੀ ਮਾਰ ਝੱਲ ਰਹੇ ਲੋਕਾਂ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੇ ਉਹਨਾਂ ਦੇ ਬਜਟ ਨੂੰ ਹਿਲਾ ਕੇ ਰੱਖ ਦਿੱਤਾ ਹੈ। 4 ਮਈ ਤੋਂ ਬਾਅਦ ਪੈਟਰੋਲੀਅਮ ਕੰਪਨੀਆਂ ਨੇ ਬੁੱਧਵਾਰ ਨੂੰ 25 ਵੀਂ ਵਾਰ ਕੀਮਤਾਂ ਵਿਚ ਵਾਧਾ ਕੀਤਾ ਹੈ। ਪੈਟਰੋਲ ਦੀ ਕੀਮਤਾਂ ਵਿਚ 25 ਪੈਸੇ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ 13 ਪੈਸੇ ਦਾ ਵਾਧਾ ਕੀਤਾ ਗਿਆ ਹੈ।
ਦੱਸ ਦੇਈਏ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਤੇਲ ਦੀ ਵਧਦੀ ਮੰਗ ਕਾਰਨ ਹੋ ਰਿਹਾ ਹੈ। ਵਧ ਰਹੀ ਖਪਤ ਦੇ ਸੰਕੇਤਾਂ ਦੇ ਵਿਚਕਾਰ ਕੱਚਾ ਤੇਲ ਲਗਭਗ ਦੋ ਸਾਲਾਂ ਦੇ ਉੱਚ ਪੱਧਰ ਨੂੰ ਛੂਹ ਰਿਹਾ ਹੈ। ਬ੍ਰੈਂਟ ਕੱਚਾ ਤੇਲ, ਜੋ ਭਾਰਤ ਵਿਚ ਕੀਮਤਾਂ ਨਿਰਧਾਰਤ ਕਰਦਾ ਹੈ, ਪ੍ਰਤੀ ਬੈਰਲ 73 ਡਾਲਰ ਨੂੰ ਛੂਹ ਰਿਹਾ ਹੈ, ਜੋ ਅਪ੍ਰੈਲ 2019 ਤੋਂ ਬਾਅਦ ਦਾ ਸਭ ਤੋਂ ਉੱਚਾ ਪੱਧਰ ਹੈ।
ਅੱਜ ਦੇ ਵਾਧੇ ਤੋਂ ਬਾਅਦ, ਦਿੱਲੀ ਵਿੱਚ ਪੈਟਰੋਲ ਦੀ ਕੀਮਤ 96.66 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਸ ਦੇ ਨਾਲ ਹੀ ਡੀਜ਼ਲ 87.41 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਮੁੰਬਈ ਦੀ ਗੱਲ ਕਰੀਏ ਤਾਂ ਇੱਥੇ ਪੈਟਰੋਲ 102.82 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ ਅਤੇ ਡੀਜ਼ਲ 94.84 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਚੇਨਈ ਵਿਚ ਪੈਟਰੋਲ 97.91 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 94.04 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।