ਬੇਅਦਬੀ ਮਾਮਲਿਆਂ ‘ਚ ਇਨਸਾਫ਼ ਨਾ ਮਿਲਣ ਕਾਰਨ ਕਾਂਗਰਸੀ ਆਗੂ ਨਵਜੋਤ ਸਿੱਧੂ ਦੇ ਕੈਪਟਨ ਸਰਕਾਰ ‘ਤੇ ਵਾਰ ਕਰਨ ਦਾ ਸਿਲਸਿਲਾ ਬੇਰੋਕ ਜਾਰੀ ਹੈ। ਕੋਈ ਵੀ ਦਿਨ ਅਜਿਹਾ ਨਹੀਂ ਲੰਘਦਾ ਜਦੋਂ ਸਿੱਧੂ ਟਵੀਟ ਕਰਕੇ ਸਰਕਾਰ ਨੂੰ ਬੇਅਦਬੀਆਂ ‘ਤੇ ਨਾ ਘੇਰਨ। ਅੱਜ ਸਿੱਧੂ ਨੇ ਕਿਹਾ ਕਿ ਇਨਸਾਫ਼ ਤਾਂ ਹੋ ਕੇ ਹੀ ਰਹੇਗਾ, ਚਾਹੇ ਕੋਈ ਵੀ ਕੀਮਤ ਚੁਕਾਉਣੀ ਪਵੇ। ਸਿੱਧੂ ਨੇ ਟਵੀਟ ਕੀਤਾ, ‘ਕਿਸੇ ਰਾਜਨੇਤਾ ਦੀ ਸਭ ਤੋਂ ਵੱਡੀ ਪੂੰਜੀ ਉਸਦੇ ਕਿਰਦਾਰ ਉੱਪਰ ਲੋਕਾਂ ਦਾ ਭਰੋਸਾ ਹੁੰਦਾ ਹੈ। ਸਾਲ 2020 – ਲਾਕਡਾਉਣ ਦੌਰਾਨ ਲੋਕਾਂ ਦੀ ਮਦਦ ਕਰਨ ‘ਚ ਮੇਰਾ ਸਹਿਯੋਗ ਕਰਨ ਲਈ ਸਿੱਖ ਸੰਗਤਾਂ ਤੇ ਪੁਲਿਸ ਤਸ਼ੱਦਦ ਦੇ ਸ਼ਿਕਾਰ ਬੇਕਸੂਰ, ਬਰਗਾੜੀ ਤੋਂ ਚੱਲ ਕੇ ਮੇਰੇ ਘਰ ਪਹੁੰਚੇ ਸਨ। ਮੈਂ ਉਹਨਾਂ ਦੇ ਵਿਸ਼ਵਾਸ ਤੇ ਇਸ ਆਸ ਨੂੰ ਕਿੱਦਾਂ ਤੋੜ ਸਕਦਾ ਹਾਂ ? ਇਨਸਾਫ਼ ਤਾਂ ਹੋ ਕੇ ਹੀ ਰਹੇਗਾ, ਚਾਹੇ ਕੋਈ ਵੀ ਕੀਮਤ ਚੁਕਾਉਣੀ ਪਵੇ। ਇਸਦੇ ਨਾਲ ਹੀ ਸਿੱਧੂ ਨੇ ਪਿਛਲੇ ਸਾਲ ਬਰਗਾੜੀ ਦੀ ਸੰਗਤ ਨਾਲ ਕੀਤੀ ਮੁਲਾਕਾਤ ਦੀ ਵੀਡੀਓ ਵੀ ਸ਼ੇਅਰ ਕੀਤੀ । ਇਸਤੋਂ ਪਹਿਲਾਂ ਸਿੱਧੂ ਨੇ ਕਿਹਾ ਸੀ ਕਿ ਸਾਰਾ ਪੰਜਾਬ ਇੱਕ ਆਵਾਜ ਵਿੱਚ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ। ਬਾਦਲ ਰਾਜ ਵਿੱਚ ਪੁਲਸ ਵਲੋਂ ਅੰਨਾ ਤਸ਼ੱਦਦ ਸਹਿਣ ਵਾਲੇ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਨਾਲ ਸਾਲ 2018 ਵਿੱਚ ਮੈਂ ਤੇ ਮੇਰੇ ਹੋਰ ਪਾਰਟੀ ਦੇ ਸਾਥੀਆਂ ਦੀ ਮੁਲਾਕਾਤ। ਅਫਸੋਸ ! ਅਸੀਂ ਅੱਜ ਵੀ ਇਨਸਾਫ ਨੂੰ ਉਡੀਕ ਰਹੇ ਹਾਂ ।ਜੰਗਲ ਕੱਟ ਕੇ ਹਰੇ ਹੋ ਜਾਂਦੇ ਨੇ, ਤਲਵਾਰ ਦੇ ਘੌ ਭਰ ਜਾਂਦਾ ਨੇ,ਪਰ ਆਤਮਾ ਤੇ ਕੀਤਾ ਵਾਰ ਕਦੇ ਨਾ ਭਰਨ ਵਾਲਾ ਨਾਸੂਰ ਬਣਕੇ ਰਿਸਦਾ ਰਹਿੰਦਾ ਹੈ। ਤੁਹਾਨੂੰ ਦੱਸ ਦਈਏ ਕਿ ਜਦੋਂ ਤੋਂ ਮੁੱਖ ਮੰਤਰੀ ਕੈਪਟਨ ਨੇ ਕਿਹਾ ਕਿ ਸਿੱਧੂ ਲਈ ਮੇਰੇ ਸਾਰੇ ਦਰਵਾਜ਼ੇ ਬੰਦ ਹਨ। ਜਿੰਨਾ ਛੇਤੀ ਕਾਂਗਰਸ ਛੱਡ ਕੇ ਜਾਣਾ ਚਾਹੁੰਦੇ ਨੇ ਜਾ ਸਕਦੇ ਨੇ। ਉਸਤੋਂ ਬਾਅਦ ਤੋਂ ਹੀ ਸਿੱਧੂ ਦੇ ਮੁੱਖ ਮੰਤਰੀ ਕੈਪਟਨ ‘ਤੇ ਹਮਲੇ ਤੇਜ਼ ਹੋਏ ਹਨ। ਲਿਹਾਜ਼ਾ ਹੁਣ ਸਿੱਧੁ ਕੋਈ ਅਜਿਹਾ ਦਿਨ ਨਹੀਂ ਲੰਘਣ ਦਿੰਦੇ ਜਦੋਂ ਕੋਟਕਪੂਰਾ ਤੇ ਬਰਗਾੜੀ ਬੇਅਦਬੀ ਮਾਮਲੇ ‘ਤੇ ਕੈਪਟਨ ਨੂੰ ਨਾ ਘੇਰਨ।