ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਬਰਨਾਲਾ ਵਿਖੇ ਸੋਮਵਾਰ ਨੂੰ ਕੀਤੇ ਗਏ ਐਲਾਨਾਂ ਤੋਂ ਬਾਅਦ ਪ੍ਰੋ-ਪੰਜਾਬ ਦੇ ਸੰਥਾਪਕ ਅਤੇ ਸੀਨੀਅਰ ਪੱਤਰਕਾਰ ਯਾਦਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ। ਇਸ ਦੌਰਾਨ ਜਿੱਥੇ ਉਨ੍ਹਾਂ ਸੋਮਵਾਰ ਨੂੰ ਕੀਤੇ ਐਲਾਨਾਂ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ, ਉਥੇ ਹੀ ਉਨ੍ਹਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ‘ਤੇ ਵੀ ਨਿਸ਼ਾਨੇ ਵਿੰਨ੍ਹੇ। ਮੰਗਲਵਾਰ ਨੂੰ ਬਰਨਾਲਾ ਵਿਖੇ ਕੀਤੀ ਰੈਲੀ ‘ਚ ਐਲਾਨੇ ਬਿਆਨਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਹੀ ਤਾਂ ਪੰਜਾਬ ਮਾਡਲ ਹੈ।
ਉਨ੍ਹਾਂ ਕਿਹਾ ਕਿ ਇਹ ਪੰਜਾਬ ਮਾਡਲ ਦਾ ਇਕ ਚਮਕਦਾ ਹਿੱਸਾ ਹੈ। ਪੰਜਾਬ ਮਾਡਲ ਦਾ ਮਤਲਬ ਹੀ ਲੋਕਾਂ ਦੀਆਂ ਜ਼ਿੰਦਗੀਆਂ ਬਦਲਣਾ ਹੈ ਅਤੇ ਇਸ ਨਾਲ ਪੰਜਾਬ ‘ਚ ਔਰਤਾਂ ਦੀਆਂ ਜ਼ਿੰਦਗੀਆਂ ਦੇ ਨਾਲ-ਨਾਲ ਪੂਰੇ ਪੰਜਾਬ ਦਾ ਸੁਧਾਰ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਇਕ ਤਰ੍ਹਾਂ ਦੀ ਇਨਵੈਸਟਮੈਂਟ ਹੈ ਜੋ ਕੀ ਦੁੱਗਣੀ-ਚੌਗਣੀ ਹੋ ਕੇ ਪੰਜਾਬ ਨੂੰ ਵਾਪਸ ਮਿਲੇਗੀ। ਉਨ੍ਹਾਂ ਕਿਹਾ ਕਿ ਜਦੋਂ ਕੋਈ ਲੜਕੀ ਚੰਗਾ ਪੜ੍ਹ-ਲਿਖ ਜਾਂਦੀ ਹੈ ਤਾਂ ਉਹ ਆਪਣੇ ਪੂਰੇ ਪਰਿਵਾਰ ਨੂੰ ਚੰਗੀ ਸਿੱਖਿਆ ਦੇਣ ‘ਚ ਸਮਰਥ ਹੋ ਜਾਂਦੀ ਹੈ। ਸਿੱਧੂ ਦਾ ਕਹਿਣਾ ਹੈ ਕਿ ਪੰਜਾਬ ਦੀਆਂ ਔਰਤਾਂ ਮਰਦਾ ਦੇ ਮੁਕਾਬਲੇ ਪਿੱਛੜੀਆਂ ਹੋਈਆਂ ਹਨ। ਅੱਜ ਸਿਰਫ 1.8 ਫੀਸਦੀ ਔਰਤਾਂ ਦੇ ਨਾਂ ‘ਤੇ ਹੀ ਰਜਿਸਟਰੀਆਂ ਬੋਲਦੀਆਂ ਹਨ, ਸਾਡੇ ਇਨ੍ਹਾਂ ਫੈਸਲਿਆਂ ਦੇ ਲਾਗੂ ਹੁੰਦਿਆਂ ਹੀ ਇਹ ਫਰਕ ਖ਼ਤਮ ਹੋ ਜਾਵੇਗਾ।
ਇਸਦੇ ਨਾਲ ਹੀ ਉਨ੍ਹਾਂ ਕੇਜਰੀਵਾਲ ਨੂੰ ਘੇਰਦਿਆਂ ਕਿਹਾ ਕਿ ਇਨ੍ਹਾਂ ਐਲਾਨਾਂ ਨਾਲ ਜਿਨ੍ਹਾਂ ਦੀ ਬਣੀ ਬਣਾਈ ਗੇਮ ਪਲਟ ਗਈ ਹੈ ਵਿਰੋਧ ਵੀ ਉਹ ਹੀ ਕਰ ਰਹੇ ਹਨ, ਵਿਰੋਧ ਵੀ ਉਸੇ ਵਿਅਕਤੀ ਦਾ ਹੁੰਦਾ ਹੈ ਜਿਨ੍ਹਾਂ ਤੋਂ ਬਾਕੀਆਂ ਨੂੰ ਡਰ ਲੱਗਦਾ ਹੈ। ਕੇਜਰੀਵਾਲ ਪੰਜਾਬ ਆ ਕੇ ਸਿਰਫ ਸਿਆਸੀ ਨੋਟੰਕੀ ਕਰ ਰਿਹਾ ਹੈ, ਪੌਣੇ ਪੰਜ ਸਾਲ ਤਾਂ ਉਹ ਪੰਜਾਬ ‘ਚ ਆਇਆ ਨਹੀਂ ਅਤੇ ਹੁਣ ਸਿਆਸੀ ਨੋਟੰਕੀ ਕਰ ਕੇ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰ ਰਿਹਾ ਹੈ।
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕੈਪਟਨ ਭਾਜਪਾ ਦਾ ਗੁੱਡਾ ਸੀ, ਜਿਸ ਨੂੰ ਭਾਜਪਾ ਆਪਣੀ ਮਰਜ਼ੀ ਨਾਲ ਨਚਾਉਂਦੀ ਸੀ। ਉਨ੍ਹਾਂ ਕਿਹਾ ਕਿ ਕੈਪਟਨ ਦੇ ਪਰਿਵਰਕ ਮੈਂਬਰਾਂ ‘ਤੇ ਈ.ਡੀ. ਦੇ ਕੇਸ ਸਨ, ਜਿਸ ਕਾਰਨ ਉਨ੍ਹਾਂ ਦੀ ਜਾਨ ਭਾਜਪਾ ਦੇ ਹੱਥਾਂ ‘ਚ ਸੀ।