ਸੰਯੁਕਤ ਮੋਰਚੇ ਦੀ ਕਾਲ ਤੇ ਅੱਜ ਦੇਸ਼ ਭਰ ਦੇ ਵਿੱਚ ਕਿਸਾਨਾਂ ਦੇ ਵੱਲੋਂ ਪੰਜਾਬੀ ਗਾਇਕ ਜੱਸ ਬਾਜਵਾ ਨੇ ਸੰਯੁਕਤ ਕਿਸਾਨ ਮੋਰਚਾ ਨਾਲ ਮਿਲ ਕੇ ਰੋਸ ਮੁਜ਼ਾਹਰਾ ਕੀਤਾ ਤੇ ਸੁੱਤੀ ਸਰਕਾਰ ਨੂੰ ਜਗਾਉਣ ਲਈ ਹਾਰਨ ਵਜਾ ਕੇ ਗੁੱਸਾ ਜ਼ਾਹਿਰ ਕੀਤਾ। ਇਸ ਦੌਰਾਨ ਜੱਸ ਬਾਜਵਾ ਨੇ ਜਿਥੇ ਲੋਕਾਂ ਨੂੰ ਆਪਣੇ ਹੱਕਾਂ ਲਈ ਆਵਾਜ਼ ਉਠਾਉਣ ਦਾ ਸੁਨੇਹਾ ਦਿੱਤਾ, ਉਥੇ ਸਰਕਾਰ ਨੂੰ ਲਾਹਨਤਾਂ ਵੀ ਪਾਈਆਂ।
ਜੱਸ ਬਾਜਵਾ ਨੇ ਕਿਹਾ, ‘ਅਸੀਂ ਬੋਲ਼ੀ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਜੋ ਸਰਕਾਰ ਉੱਠੇ ਤੇ ਭਾਰਤ ਤੇ ਕਿਸਾਨਾਂ ਦੇ ਹਾਲਾਤ ਦੇਖੇ। ਅੱਜ ਸੜਕਾਂ ’ਤੇ ਕਿਸਾਨ 7 ਮਹੀਨਿਆਂ ਤੋਂ ਬੈਠੇ ਹਨ, ਕਿੰਨੀਆਂ ਕੁਰਬਾਨੀਆਂ ਇਸ ਅੰਦੋਲਨ ਨੂੰ ਲੈ ਕੇ ਸਾਰਾ ਕਿਸਾਨ ਭਾਈਚਾਰਾ ਦੇ ਚੁੱਕਿਆ ਹੈ ਪਰ ਸਰਕਾਰ ’ਤੇ ਇਸ ਦਾ ਕੋਈ ਅਸਰ ਨਹੀਂ ਹੋ ਰਿਹਾ।’
ਵਧਦੀ ਮਹਿੰਗਾਈ ’ਤੇ ਬੋਲਦਿਆਂ ਜੱਸ ਨੇ ਕਿਹਾ, ‘850 ਰੁਪਏ ’ਚ 14 ਕਿਲੋ ਦਾ ਗੈਸ ਸਿਲੰਡਰ ਆਉਂਦਾ ਹੈ। ਘਰਾਂ ’ਚ 2-3 ਸਿਲੰਡਰ ਆਮ ਲੱਗ ਜਾਂਦੇ ਹਨ ਕਿਉਂਕਿ ਚੁੱਲ੍ਹਿਆਂ ਵਾਲਾ ਕੰਮ ਹੁਣ ਖ਼ਤਮ ਹੋ ਚੁੱਕਾ ਹੈ। ਕਿਤੇ ਨਾ ਕਿਤੇ ਜਾ ਕੇ ਇਹ ਮਹਿੰਗਾਈ ਦੀ ਮਾਰ ਹਰ ਆਮ ਬੰਦੇ ’ਤੇ ਪੈਂਦੀ ਹੈ। ਭਾਵੇਂ ਕੋਈ ਵਿਅਕਤੀ ਕਿਸੇ ਵੀ ਕਿੱਤੇ ਨਾਲ ਸਬੰਧ ਰੱਖਦਾ ਹੋਵੇ, ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਅਸੀਂ ਲੋਕਾਂ ਨੂੰ ਅਪੀਲ ਕਰ ਰਹੇ ਹਾਂ ਕਿ ਉਹ ਆਪਣੀ ਆਵਾਜ਼ ਚੁੱਕਣ ਤਾਂ ਜੋ ਸਰਕਾਰ ਜੋ ਮਨਮਰਜ਼ੀਆਂ ਕਰਕੇ ਮਹਿੰਗਾਈ ਕਰ ਰਹੀ ਹੈ, ਉਸ ’ਤੇ ਠੱਲ੍ਹ ਪਾਈ ਜਾ ਸਕੇ।’