ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੀ ਕਾਰਵਾਈ ਅੱਜ ਵੀ ਜਾਰੀ ਰਹੇਗੀ। ਪੰਜਾਬ ਦੇ ਬਜਟ ‘ਚ ਅੱਜ ਗ੍ਰਾਂਟਾਂ ‘ਤੇ ਚਰਚਾ ਹੋਵੇਗੀ। ਸਦਨ ਦੀ ਕਾਰਵਾਈ ਦੁਪਹਿਰ ਬਾਅਦ ਸ਼ੁਰੂ ਹੋਵੇਗੀ। ਕੱਲ੍ਹ ਦੀ ਕਾਰਵਾਈ ਤੋਂ ਬਾਅਦ ਸਦਨ ਅੱਜ ਲਈ ਮੁਲਤਵੀ ਕਰ ਦਿੱਤਾ ਗਿਆ। ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਕੱਲ੍ਹ ਆਖਰੀ ਦਿਨ ਹੈ।
ਕੱਲ੍ਹ ਇਜਲਾਸ ਦੇ ਆਖਰੀ ਦਿਨ ਸਦਨ ਵਿੱਚ ਫ਼ੌਜ ਦੀ ਭਰਤੀ ਦੀ ਅਗਨੀਪਥ ਸਕੀਮ ਖ਼ਿਲਾਫ਼ ਮਤਾ ਲਿਆਂਦਾ ਜਾਵੇਗਾ। ਇਹ ਮੰਗ ਮੰਗਲਵਾਰ ਨੂੰ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੇ ਉਠਾਈ। ਜਿਸ ‘ਤੇ ਸੀਐਮ ਭਗਵੰਤ ਮਾਨ ਨੇ ਵੀ ਹਾਮੀ ਭਰੀ। ਉਨ੍ਹਾਂ ਕਿਹਾ ਕਿ ਉਹ ਇਸ ਵਿਰੁੱਧ ਮਤਾ ਲਿਆਉਣਗੇ।
ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਵੀ ਸਿੱਧੂ ਮੂਸੇਵਾਲਾ ਦੇ SYL ਗੀਤ ਅਤੇ ਕਿਸਾਨ ਯੂਨੀਅਨ ਦੇ ਟਵਿਟਰ ਅਕਾਊਂਟ ‘ਤੇ ਪਾਬੰਦੀ ਲਾਉਣ ਦਾ ਮੁੱਦਾ ਉਠਾਇਆ। ਪ੍ਰਸਤਾਵ ਵਿੱਚ ਸ਼ਾਮਲ ਕਰਨ ਲਈ ਵੀ ਸਹਿਮਤੀ ਪ੍ਰਗਟਾਈ ਗਈ।
ਉੱਤਰ ਪ੍ਰਦੇਸ਼ ਦੇ ਬਦਨਾਮ ਗੈਂਗਸਟਰ ਮੁਖਤਾਰ ਅੰਸਾਰੀ ਨੂੰ ਲੈ ਕੇ ਕੱਲ੍ਹ ਸਦਨ ਵਿੱਚ ਹੰਗਾਮਾ ਹੋਇਆ। ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਅੰਸਾਰੀ ਨੂੰ ਫਰਜ਼ੀ ਐਫਆਈਆਰ ਬਣਾ ਕੇ ਜੇਲ੍ਹ ਵਿੱਚ ਰੱਖਿਆ ਗਿਆ ਸੀ। ਅੰਸਾਰੀ 25 ਕੈਦੀਆਂ ਦੀ ਬੈਰਕ ਵਿਚ ਇਕੱਲਾ ਰਹਿੰਦਾ ਸੀ। ਉਸਦੀ ਪਤਨੀ ਉਸਦੇ ਨਾਲ ਰਹਿੰਦੀ ਸੀ। 26 ਵਾਰੰਟ ਆਉਣ ਤੋਂ ਬਾਅਦ ਵੀ ਉਸ ਨੂੰ ਯੂਪੀ ਨਹੀਂ ਭੇਜਿਆ ਗਿਆ। ਜਦੋਂ ਯੂਪੀ ਸਰਕਾਰ ਸੁਪਰੀਮ ਕੋਰਟ ਗਈ ਤਾਂ ਪੰਜਾਬ ਦੀ ਕਾਂਗਰਸ ਸਰਕਾਰ ਨੇ 11 ਲੱਖ ਦੀ ਪੇਸ਼ੀ ਫ਼ੀਸ ਨਾਲ ਵਕੀਲ ਰੱਖਿਆ। ਜਿਸ ‘ਤੇ ਕਾਂਗਰਸੀਆਂ ਨੇ ਸਾਬਤ ਕਰਨ ਦੀ ਚੁਣੌਤੀ ਦਿੱਤੀ।