ਬੇਤੁਕੀਆਂ ਬਿਆਨਬਾਜ਼ੀਆਂ ਲਈ ਟਵਿੱਟਰ ਅਕਾਊਂਟ ਸਸਪੈਂਡ ਹੋਣ ਤੋਂ ਬਾਅਦ ਹੁਣ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਇੱਕ ਹੋਰ ਨਵੀਂ ਮੁਸੀਬਤ ‘ਚ ਫਸ ਗਈ ਹੈ। ਕੰਗਣਾ ਦੇ ਖਿਲਾਫ ਉਸਦੀ ਇੰਸਟਾਗ੍ਰਾਮ ਪੋਸਟ ਲਈ ਐਫਆਈਆਰ ਦਰਜ ਕੀਤੀ ਗਈ ਹੈ। ਤ੍ਰਿਣਮੂਲ ਕਾਂਗਰਸ ਦੇ ਨੇਤਾ ਰੀਜੂ ਦੱਤਾ ਨੇ ਪੱਛਮੀ ਬੰਗਾਲ ਦੇ ਉਲਟਾਡਾਂਗਾ ਵਿੱਚ ਕੰਗਣਾ ਖਿਲਾਫ ਐਫ ਆਈ ਆਰ ਦਰਜ ਕਰਵਾਈ ਹੈ। ਇਲਜਾਮ ਲਗਾਇਆ ਗਿਆ ਹੈ ਕਿ ਕੰਗਣਾ ਨਫਰਤ ਫੈਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਰਿਜੂ ਨੇ ਆਪਣੇ ਟਵਿੱਟਰ ਹੈਂਡਲ ‘ਤੇ ਐਫਆਈਆਰ ਦੀ ਇਕ ਕਾਪੀ ਵੀ ਸਾਂਝੀ ਕੀਤੀ। ਉਨ੍ਹਾਂ ਇਲਜ਼ਾਮ ਲਾਇਆ ਕਿ ਕੰਗਣਾ ਰਨੌਤ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ ‘ਤੇ ਕਈ ਇਤਰਾਜ਼ਯੋਗ ਪੋਸਟਾਂ ਕੀਤੀਆਂ ਹਨ। ਰਿਜੂ ਨੇ ਲਿਖਆ ਹੈ ਕਿ ਮਿਸ. ਰਣੌਤ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਰੀਜੂ ਨੇ ਪੁਲਿਸ ਨੂੰ ਕੰਗਨਾ ਰਣੌਤ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਦੱਸ ਦੇਈਏ ਕਿ ਕੰਗਣਾ ਨੇ ਆਪਣੇ ਇੰਸਟਾਗ੍ਰਾਮ ਪੋਸਟ ‘ਤੇ ਮਮਤਾ ਬੈਨਰਜੀ ਦੀਆਂ ਕਈ ਇਤਰਾਜ਼ਯੋਗ ਤਸਵੀਰਾਂ ਸ਼ੇਅਰ ਕੀਤੀਆਂ ਹਨ। ਟੀਐਮਸੀ ਆਗੂ ਨੇ ਉਹ ਸਾਰੀਆਂ ਫੋਟੋਆਂ ਪੁਲਿਸ ਨੂੰ ਸੌਂਪ ਦਿੱਤੀਆਂ ਹਨ। ਇਸਤੋਂ ਪਹਿਲਾਂ ਕੰਗਨਾ ਰਨੌਤ ਦਾ ਟਵਿੱਟਰ ਅਕਾਊਂਟ ਮੁਅੱਤਲ ਕਰ ਦਿੱਤਾ ਗਿਆ ਹੈ। ਉਸ ‘ਤੇ ਟਵਿੱਟਰ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਦਾ ਦੋਸ਼ ਹੈ। ਕੰਗਣਾ ਨੇ ਇਹ ਕਹਿੰਦੇ ਹੋਏ ਪ੍ਰਤੀਕਿਰਆ ਦਿੱਤੀ ਕਿ ਉਸ ਕੋਲ ਹੋਰ ਵੀ ਮੰਚ ਹਨ ਜਿੱਥੇ ਉਹ ਆਪਣੀ ਰਾਏ ਦੇ ਸਕਦੀ ਹੈ।