ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਲਗਾਤਾਰ ਵਧਦੀ ਜਾ ਰਹੀ ਹੈ। ਇਸ ਦੌਰਾਨ ਭਾਰਤ ਨੇ ਯੂਕਰੇਨ ਵੱਲ ਮਦਦ ਦਾ ਹੱਥ ਵਧਾਇਆ ਹੈ। ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਜੰਗ ਦੌਰਾਨ ਰੂਸ ਲਗਾਤਾਰ ਯੂਕਰੇਨ ‘ਤੇ ਮਿਜ਼ਾਈਲਾਂ ਨਾਲ ਹਮਲਾ ਕਰ ਰਿਹਾ ਹੈ। ਜਿਸ ਦਾ ਖਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ। ਫਿਲਹਾਲ ਯੂਕਰੇਨ ਦੀ ਮੁਸ਼ਕਿਲ ਸਥਿਤੀ ‘ਚ ਭਾਰਤ ਨੇ ਉਸ ਦੀ ਮਦਦ ਲਈ ਰਾਹਤ ਸਮੱਗਰੀ ਭੇਜਣ ਦਾ ਫੈਸਲਾ ਕੀਤਾ ਹੈ।
ਭਾਰਤੀ ਹਵਾਈ ਸੈਨਾ ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਲਗਾਤਾਰ ਬਾਹਰ ਕੱਢ ਰਹੀ ਹੈ, ਇਸੇ ਦੌਰਾਨ ਵਿਦੇਸ਼ ਮੰਤਰਾਲੇ (MEA) ਨੇ ਵੀਰਵਾਰ ਨੂੰ ਕਿਹਾ ਕਿ ਭਾਰਤੀ ਹਵਾਈ ਸੈਨਾ (IAF) ਵੱਲੋਂ ਸ਼ੁੱਕਰਵਾਰ ਨੂੰ ਮਨੁੱਖੀ ਸਹਾਇਤਾ ਭੇਜੀ ਗਈ ਹੈ। ਉਨ੍ਹਾਂ ਦੱਸਿਆ ਕਿ ਦੋ ਹੋਰ ਕਿਸ਼ਤਾਂ ਵਿੱਚ ਯੂਕਰੇਨ ਦੀ ਮਦਦ ਲਈ ਦਵਾਈਆਂ, ਮੈਡੀਕਲ ਉਪਕਰਨ, ਰਾਹਤ ਸਮੱਗਰੀ ਆਦਿ ਭੇਜੀ ਗਈ ਹੈ।
ਵਿਦੇਸ਼ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ ਕਿ ਇੱਕ ਫਲਾਈਟ ਦੀ ਮਦਦ ਨਾਲ 6 ਟਨ ਸਮੱਗਰੀ ਰੋਮਾਨੀਆ ਲਿਜਾਈ ਗਈ, ਜਦੋਂ ਕਿ ਦੂਜੀ ਫਲਾਈਟ ਵਿੱਚ 9 ਟਨ ਸਮੱਗਰੀ ਸਲੋਵਾਕੀਆ ਲਿਜਾਈ ਗਈ। ਵਿਦੇਸ਼ ਮੰਤਰਾਲੇ ਮੁਤਾਬਕ ਇਸ ਤੋਂ ਪਹਿਲਾਂ ਵੀ ਮਨੁੱਖੀ ਸਹਾਇਤਾ ਦੀਆਂ ਚਾਰ ਕਿਸ਼ਤਾਂ ਭੇਜੀਆਂ ਜਾ ਚੁੱਕੀਆਂ ਹਨ। ਵਿਦੇਸ਼ ਮੰਤਰਾਲੇ ਦੇ ਅਨੁਸਾਰ, ਅਗਲੇ 24 ਘੰਟਿਆਂ ਵਿੱਚ 16 ਉਡਾਣਾਂ ਭਾਰਤ ਆਉਣ ਵਾਲੀਆਂ ਹਨ।