ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਸ਼੍ਰੀਲੰਕਾ ਦੌਰੇ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਦਾ ਐਲਾਨ ਕਰ ਦਿੱਤਾ ਹੈ। ਟੀ-20 ਤੋਂ ਬਾਅਦ ਵਨ-ਡੇ ਦੀ ਕਪਤਾਨੀ ਵੀ ਪੰਜਾਬ ਦੇ ਮੋਗਾ ਦੀ ਕ੍ਰਿਕਟਰ ਹਰਮਨਪ੍ਰੀਤ ਕੌਰ ਨੂੰ ਸੌਂਪੀ ਗਈ ਹੈ। ਤਜਰਬੇਕਾਰ ਬੱਲੇਬਾਜ਼ ਮਿਤਾਲੀ ਰਾਜ ਨੇ ਬੁੱਧਵਾਰ (8 ਜੂਨ) ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਉਹ ਵਨਡੇ ਅਤੇ ਟੈਸਟ ਵਿੱਚ ਟੀਮ ਦੀ ਕਪਤਾਨ ਸੀ। ਸੰਨਿਆਸ ਲੈਣ ਦੇ ਕੁਝ ਸਮੇਂ ਬਾਅਦ ਹੀ ਹਰਮਨਪ੍ਰੀਤ ਦੇ ਨਾਂ ਦਾ ਐਲਾਨ ਵਨ-ਡੇ ਵਿੱਚ ਕਪਤਾਨ ਵਜੋਂ ਕੀਤਾ ਗਿਆ ਸੀ। ਹਰਮਨਪ੍ਰੀਤ ਕ੍ਰਿਕਟਰ ਵਰਿੰਦਰ ਸਹਿਵਾਗ ਤੋਂ ਪ੍ਰਭਾਵਿਤ ਸੀ। ਉਨ੍ਹਾਂ ਨੇ ਕ੍ਰਿਕਟ ਨੂੰ ਆਪਣਾ ਕਰੀਅਰ ਬਣਾਇਆ। ਹਰਮਨਪ੍ਰੀਤ ਕੌਰ ਨੇ 20 ਸਾਲ ਦੀ ਉਮਰ ‘ਚ ਰਸਮੀ ਤੌਰ ‘ਤੇ ਕ੍ਰਿਕਟ ‘ਚ ਡੈਬਿਊ ਕੀਤਾ ਸੀ।
ਜੇਮਿਮਾ ਤੇ ਪੂਨਮ ਦੀ ਟੀਮ ‘ਚ ਵਾਪਸੀ
ਭਾਰਤੀ ਟੀਮ ਦੇ ਇਸ ਦੌਰੇ ਲਈ ਸਮ੍ਰਿਤੀ ਮੰਧਾਨਾ ਨੂੰ ਟੀਮ ਦੀ ਉਪ ਕਪਤਾਨੀ ਸੌਂਪੀ ਗਈ ਹੈ। ਇਸ ਦੇ ਨਾਲ ਹੀ ਜੇਮਿਮਾ ਰੋਡਰਿਗਜ਼ ਦੀ ਟੀ-20 ਟੀਮ ‘ਚ ਵਾਪਸੀ ਹੋਈ ਹੈ। ਇਸ ਤੋਂ ਇਲਾਵਾ ਪੂਨਮ ਯਾਦਵ ਨੂੰ ਟੀ-20 ਅਤੇ ਵਨਡੇ ਦੋਵਾਂ ਟੀਮਾਂ ਵਿੱਚ ਸ਼ਾਮਲ ਕੀਤਾ ਗਿਆ ਹੈ। ਕ੍ਰਿਕਟਰ ਸਿਮਰਨ ਬਹਾਦੁਰ ਵੀ ਇਸ ਦੌਰੇ ਲਈ ਦੋਵਾਂ ਫਾਰਮੈਟਾਂ ਦੀ ਟੀਮ ਦਾ ਹਿੱਸਾ ਹੈ। ਬੁੱਧਵਾਰ ਨੂੰ, BCCI ਮਹਿਲਾ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਟਵੀਟ ਕਰਕੇ ਇਸ ਫੈਸਲੇ ਦੀ ਜਾਣਕਾਰੀ ਦਿੱਤੀ ਅਤੇ ਦੋਵਾਂ ਸੀਰੀਜ਼ ਲਈ ਟੀਮਾਂ ਨੂੰ ਵੀ ਸਾਂਝਾ ਕੀਤਾ।